‘ਆਪ’ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਸੱਤਾਧਾਰੀ ਕਾਂਗਰਸ ਦੇ ਚਾਰ ਮੰਤਰੀ, ਪਰ ਅਸੀਂ ਕੀਤਾ ਇਨਕਾਰ: ਰਾਘਵ ਚੱਢਾ

ਚੰਡੀਗੜ੍ਹ, 13 ਦਸੰਬਰ ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਚਾਰ ਮੰਤਰੀਆਂ ਸਮੇਤ ਕਈ ਵੱਡੇ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਹ ਸਾਰੇ ਆਗੂ ਆਪਣੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਪਰ ਰੇਤ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਹੋਣ ਕਾਰਨ ਇਨ੍ਹਾਂ ਨੂੰ ‘ਆਪ’ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਸੋਮਵਾਰ ਨੂੰ ਮੀਡੀਆ ਨੂੰ ਡਿਜ਼ੀਟਲ ਪ੍ਰੈਸ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ‘ਆਪ’ ਆਗੂ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਹ ਦਾਅਵਾ ਕੀਤਾ ਕਿ ਚੰਨੀ ਸਰਕਾਰ ਦੇ ਚਾਰ ਮੰਤਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਂਗਰਸੀ ਆਗੂਆਂ ’ਤੇ ਰੇਤ ਮਾਫੀਆ ਨਾਲ ਜੁੜੇ ਹੋਣ ਦੇ ਗੰਭੀਰ ਦੋਸ ਲੱਗੇ ਹੋਏ ਹਨ। ਇਸ ਲਈ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ‘ਨੇਤਾ ਦੇ ਰੂਪ ਵਾਲੇ ਰੇਤ ਮਾਫੀਆ’ ਦੀ ਕੋਈ ਜ਼ਰੂਰਤ ਨਹੀਂ ਹੈ। 

ਚੱਢਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ। ਅਸੀਂ ਲੋਕਾਂ ਦੀ ਭਲਾਈ ਅਤੇ ਵਿਕਾਸ ਦੀ ਰਾਜਨੀਤੀ ਕਰਦੇ  ਹਾਂ। ਆਮ ਆਦਮੀ ਪਾਰਟੀ ’ਚ ਅਜਿਹੇ ਭ੍ਰਿਸ਼ਟਾਚਾਰ ਅਤੇ ਮਾਫੀਆ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ। ਅਸੀਂ ਅਜਿਹੇ ਲੋਕਾਂ ਨੂੰ ਕਦੇ ਨਹੀਂ ਪਾਰਟੀ ’ਚ ਲੈਣਾ ਚਾਹੁੰਦੇ, ਜਿਨ੍ਹਾਂ ਨੇ ਪੰਜਾਬ ਦੀ ਮਿੱਟੀ ਤੱਕ ਵੇਚ ਦਿੱਤੀ। ਜਿਸ ਮਿੱਟੀ ਨੂੰ ਮਾਂ ਕਿਹਾ ਜਾਂਦਾ ਹੈ, ਉਸ ਧਰਤੀ ਮਾਂ ਨੂੰ ਵੀ ਕਾਂਗਰਸ ਦੇ ਇਨ੍ਹਾਂ ਭ੍ਰਿਸ਼ਟ ਆਗੂਆਂ ਨੇ ਨਹੀਂ ਬਖਸ਼ਿਆ। ਸਾਡੀ ਪਾਰਟੀ ਨੂੰ ਕਾਂਗਰਸ ਦੇ ਅਜਿਹੇ ਰੇਤ ਚੋਰ ਅਤੇ ਰੇਤ ਮਾਫੀਆ ਆਗੂ ਨਹੀਂ ਚਾਹੀਦੇ।’’

ਰਾਘਵ ਚੱਢਾ ਦੇ ਦਾਅਵੇ ’ਤੇ ਮੋਹਰ ਲਾਉਂਦੇ ਹੋਏ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਟਵੀਟ ਕੀਤੇ ਹਨ। ਕੇਜਰੀਵਾਲ ਨੇ ਟਵੀਟ ’ਚ ਕਿਹਾ, ‘‘ਪੰਜਾਬ ਵਿੱਚ ਕੁੱਝ ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪਰ ਅਸੀਂ ਕਿਸੇ ਵੀ ਹਾਲਤ ’ਚ ਭ੍ਰਿਸ਼ਟਾਚਾਰੀ ਅਤੇ ਅਪਰਾਧੀ ਆਗੂਆਂ ਨੂੰ ਨਹੀਂ ਲਵਾਂਗੇ। ਅਸੀਂ ਪੰਜਾਬ ਨੂੰ ਸਾਫ਼, ਸੁਥਰੀ ਅਤੇ ਇਮਾਨਦਾਰ ਸਰਕਾਰ ਦੇਵਾਂਗੇ।’’ ਇਸੇ ਤਰ੍ਹਾਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਟਵੀਟ ਕੀਤਾ, ‘‘ਕਾਂਗਰਸ ਸਰਕਾਰ ਜਾਣ ਵਾਲੀ ਹੈ। ਕੇਵਲ ਇੱਕ ਮਹੀਨਾ ਬਚਿਆ ਹੈ। ਇਸ ਲਈ ਉਨ੍ਹਾਂ ਦੇ ਕਈ ਵੱਡੇ ਆਗੂ ਪੰਜਾਬ ਨੂੰ ਖ਼ੂਬ ਲੁੱਟ ਰਹੇ ਹਨ। ਅਸੀਂ ਕਿਸੇ ਵੀ ਬਈਮਾਨ ਆਗੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਾਂਗੇ।’’    

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਕਾਂਗਰਸ ਦੇ ਕਰੀਬ 25 ਵਿਧਾਇਕ ਅਤੇ ਦੋ ਸੰਸਦ ਮੈਂਬਰ ‘ਆਪ’ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਪਰ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘‘ਸਾਨੂੰ ਕਾਂਗਰਸ ਦਾ ਕਚਰਾ ਨਹੀਂ ਚਾਹੀਦਾ। ਅਸੀਂ ਜੋੜ ਤੋੜ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਵਿਕਾਸ ਅਤੇ ਜਨਤਾ ਦੀ ਭਲਾਈ ਦੀ ਰਾਜਨੀਤੀ ਕਰਦੇ ਹਾਂ।’’