ਭਿਆਨਕ ਸੜਕ ਹਾਦਸੇ ‘ਚ ਕੁੜੀ ਦੀ ਮੌਤ, ਤਿੰਨ ਜਣੇ ਜ਼ਖਮੀ

ਜਲੰਧਰ : ਬੀਤੀ ਸ਼ਨਿਵਾਰ ਦੇਰ ਰਾਤ ਜਲੰਧਰ-ਪਠਾਨਕੋਟ ਹਾਈਵੇਅ ’ਤੇ ਭੋਗਪੁਰ ਦੇ ਨੇੜੇ ਰਾਤ ਕਰੀਬ 9 ਵਜੇ ਡਰਾਈਵਰ ਦੇ ਨਸ਼ੇ ’ਚ ਹੋਣ ਕਾਰਨ ਇਕ ਡਾਂਸਰ ਗਰੁੱਪ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।

ਹਾਦਸੇ ’ਚ ਜਿੱਥੇ ਇਕ ਮੁਟਿਆਰ ਦੀ ਮੌਤ ਹੋ ਗਈ, ਉੱਥੇ ਹੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਹਾਦਸੇ ’ਚ ਕਾਰ ਦੀ ਅਗਲੀ ਸੀਟ ’ਤੇ ਬੈਠੀ ਮੁਟਿਆਰ ਦੀ ਮੌਤ ਹੋ ਗਈ। ਪੁਲਿਸ ਨੇ ਹਾਦਸੇ ’ਚ ਜ਼ਖਮੀ ਸੋਨੀਆ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਦਿਆਂ ਗੱਡੀ ਦੇ ਡਰਾਈਵਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (23) ਵਾਸੀ ਰੰਜੀਤ ਨਗਰ ਫਗਵਾੜਾ ਵਜੋਂ ਹੋਈ ਹੈ। ਹਾਦਸੇ ’ਚ ਜ਼ਖਮੀ ਰਾਮਾ ਮੰਡੀ ’ਚ ਰਹਿਣ ਵਾਲੀਆਂ ਸੋਨੀਆ, ਟਵਿੰਕਲ ਅਤੇ ਸ਼ਾਲੂ ਨੂੰ ਇਕ ਨਿਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਦਸੇ ’ਚ ਜ਼ਖਮੀ ਸੋਨੀਆ ਦੀ ਲੱਤ ਟੁੱਟ ਗਈ ਹੈ।