ਪ੍ਰੋਫੈਸਰ ਨਾਲ 25 ਲੱਖ ਰੁਪਏ ਦੀ ਧੋਖਾਧੜੀ

ਲੁਧਿਆਣਾ : ਦਯਾਨੰਦ ਹਸਪਤਾਲ ਦੇ ਮੈਡੀਸਨ ਦੇ ਪ੍ਰੋਫੈਸਰ ਨਰਿੰਦਰਪਾਲ ਸਿੰਘ ਨਾਲ 25 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿਚ ਤਫਤੀਸ਼ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਪ੍ਰੋਫ਼ੈਸਰ ਦੇ ਬਿਆਨਾਂ ਉਪਰ ਸਾਊਥ ਸਿਟੀ ਦੇ ਰਹਿਣ ਵਾਲੇ ਅਰੁਣ ਕੁਮਾਰ ਗੋਇਲ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਅਰੁਣ ਕੁਮਾਰ ਗੋਇਲ ਨਾਲ ਸਾਊਥ ਸਿਟੀ ਵਿਚ ਪੈਂਦੇ 200 ਵਰਗ ਗਜ਼ ਦੇ ਇਕ ਪਲਾਂਟ ਦਾ ਸੌਦਾ ਬਿਨਾਂ ਕਿਸੇ ਲਿਖਤ ਦੇ 25 ਲੱਖ ਬਿਆਨੇ ਵਿਚ ਕੀਤਾ ਸੀ। ਪੈਸੇ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਮਿੱਥੀ ਗਈ ਤਰੀਕ ਤੇ ਰਜਿਸਟਰੀ ਨਾ ਕਰਵਾਈ।

ਇਸ ਮਾਮਲੇ ਦੀ ਸ਼ਿਕਾਇਤ ਨਰਿੰਦਰਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਅਰੁਣ ਕੁਮਾਰ ਗੋਇਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਵਿਚ ਜੁਟ ਗਈ ਹੈ।