ਗੁਰਕੀਰਤ ਕੋਟਲੀ ਨੇ ਚਮੜਾ ਉਦਯੋਗ 'ਤੇ ਲੱਗਣ ਵਾਲੇ ਦੋਹਰੇ ਟੈਕਸ ਨੂੰ ਮੁਆਫ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ, 15 ਦਸੰਬਰ:
ਜਲੰਧਰ ਦੇ ਚਮੜਾ ਉਦਯੋਗ ਦੇ ਹਾਲਤ ਸੁਧਾਰਨ ਦੇ ਉਦੇਸ਼ ਨਾਲ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਹਨਾਂ 'ਤੇ ਲੱਗਣ ਵਾਲੇ ਦੋਹਰੇ ਟੈਕਸ ਅਤੇ ਗਿੱਲੇ ਪਲਾਟਾਂ ਤੋਂ ਨਾਨ-ਕੰਸਟ੍ਰਕਸ਼ਨ ਚਾਰਜਿਜ਼ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ।
ਜਲੰਧਰ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਵੱਖ-ਵੱਖ ਜਾਇਜ਼ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਜਲੰਧਰ ਦੀਆਂ ਪੁਰਾਣੇ ਚਮੜਾ ਕਾਰਖਾਨਿਆਂ ਨੂੰ ਅਪਗ੍ਰੇਡ ਕਰਨ ਲਈ 15 ਫੀਸਦੀ ਹਿੱਸਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਨਅਤੀ ਖੇਤਰਾਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਵੱਖ-ਵੱਖ ਉਦਯੋਗਿਕ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 2030 ਤੱਕ ਗਲੋਬਲ ਐਮੀਸ਼ਨ ਨਿਯਮਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ ਕਿਉਂਕਿ ਪ੍ਰਧਾਨ ਮੰਤਰੀ ਨੇ ਵੀ ਗ੍ਰੀਨਹਾਊਸ ਗੈਸਾਂ ਨੂੰ ਕੰਟਰੋਲ ਕਰਨ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਸੀ। ਉਨ੍ਹਾਂ ਨੇ ਸਮੂਹ ਉਦਯੋਗਪਤੀਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।
ਸ੍ਰੀ ਕੋਟਲੀ ਨੇ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਉਦਯੋਗ ਵਿਭਾਗ ਦੇ ਡਾਇਰੈਕਟਰ ਸਿਬਿਨ ਸੀ. ਨਾਲ ਮਿਲ ਕੇ ਵਫ਼ਦ ਨੂੰ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਨੂੰ ਕੁਦਰਤੀ ਜਲ ਸਰੋਤਾਂ ਵਿੱਚ ਸੁੱਟਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਕੀਤਾ ਜਾਵੇਗਾ।
ਵਫ਼ਦ ਨੇ ਉਦਯੋਗ ਮੰਤਰੀ ਵੱਲੋਂ ਜਲੰਧਰ ਸਥਿਤ ਲੈਦਰ ਫੈਡਰੇਸ਼ਨ ਦੀਆਂ ਇਕਾਈਆਂ ਦੀਆਂ ਅਸਲ ਸਮੱਸਿਆਵਾਂ ਨੂੰ ਸੁਣਨ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।
ਮੀਟਿੰਗ ਦੌਰਾਨ ਲੈਦਰ ਫੈਡਰੇਸ਼ਨ ਜਲੰਧਰ ਦੇ ਵਫ਼ਦ ਵਿੱਚ ਰੀਜਨਲ ਡਾਇਰੈਕਟਰ ਕੌਂਸਲ ਫਾਰ ਲੈਦਰ ਐਕਸਪੋਰਟ (ਨਵੀਂ ਦਿੱਲੀ) ਅਤੁਲ ਕੁਮਾਰ ਮਿਸ਼ਰਾ, ਪ੍ਰਧਾਨ ਪੰਜਾਬ ਲੈਦਰ ਫੈਡਰੇਸ਼ਨ ਹੀਰਾ ਲਾਲ ਵਰਮਾ, ਸੀਨੀਅਰ ਮੀਤ ਪ੍ਰਧਾਨ ਦੀਪਕ ਚਾਵਲਾ, ਸਕੱਤਰ ਸੰਜੈ ਵਰਮਾ ਅਤੇ ਮੁੱਖ ਸਲਾਹਕਾਰ ਸਟੀਵਨ ਕਲੇਰ ਹਾਜ਼ਰ ਸਨ।