ਧੜਾਧੜ ਐਲਾਨ ਕਰਕੇ ਸੂਬੇ ਦੇ ਅਰਥਚਾਰੇ ਨੂੰ ਹੋਰ ਬਰਬਾਦ ਕਰਨ ਦੇ ਰਾਹ ਤੁਰੀਆਂ ਸਿਆਸੀ ਪਾਰਟੀਆਂ ਤੋਂ ਸੂਚੇਤ ਰਹਿਣ ਪੰਜਾਬ ਵਾਸੀ: ਪਰਮਿੰਦਰ ਸਿੰਘ

ਚੰਡੀਗੜ੍ਹ, 15 ਦਸੰਬਰ 2021: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਿਸ਼ੇਸ਼ ਤੌਰ `ਤੇ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਮਾੜੀ ਮਾਲੀ ਹਾਲਾਤ ਦੇ ਬਾਵਜੂਦ ਧੜਾਧੜ ਕੀਤੇ ਜਾ ਰਹੇ ਫੋਕੇ ਵਾਅਦੇ, ਦਾਅਵੇ ਅਤੇ ਐਲਾਨਾਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ, ਬਾਦਲ ਦਲ ਸਮੇਤ ਸੂਬੇ ਵਿੱਚ ਸਰਗਰਮ ਹੋਰ ਸਿਆਸੀ ਪਾਰਟੀਆਂ ਵੱਲੋਂ ਸੂਬੇ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਲੋਕ ਲੁਭਾਉ ਵਾਅਦੇ ਕਰਕੇ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਦਾ ਭਾਰ ਸੂਬੇ ਦੇ ਲੋਕਾਂ `ਤੇ ਹੀ ਪਵੇਗਾ। ਸ: ਢੀਂਡਸਾ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਐਲਾਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੂਚੇਤ ਰਹਿਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਚੋਣਾਂ ਦੇ ਸਨਮੁੱਖ ਜੋ ਵੀ ਐਲਾਨ ਕੀਤੇ ਜਾ ਰਹੇ ਹਨ ਅਸਲ ਵਿੱਚ ਇਸ ਨੂੰ ਅਮਲ ਵਿੱਚ ਲਿਆਉਣ ਵੇਲੇ ਇਸ ਦਾ ਸਾਰਾ ਭਾਰ ਪੰਜਾਬੀਆਂ ਨੂੰ ਹੀ ਚੁੱਕਣਾ ਪਵੇਗਾ। ਇਸ ਲਈ ਲੋਕਾਂ ਸਿਆਸੀ ਪਾਰਟੀਆਂ ਦੇ ਬਹਕਾਵੇ ਵਿੱਚ ਆਉਣ ਦੀ ਬਜਾਏ ਪੰਜਾਬ ਨੂੰ ਆਤਮਨਿਰਭਰ ਬਣਾਉਣ ਵਾਲੀਆਂ ਯੋਜਨਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਾਬਕਾ ਵਿੱਤ ਮੰਤਰੀ ਨੇ ਪਿਛਲੇ ਕੁੱਝ ਸਾਲਾਂ ਦੌਰਾਨ ਹੇਠਲੇ ਪੱਧਰ `ਤੇ ਪਹੁੰਚੀ ਪੰਜਾਬ ਦੀ ਆਰਥਿਕ ਹਾਲਤ `ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਸੂਬੇ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੈ। ਜਿਸ ਵਿੱਚ ਅਰਥਚਾਰੇ ਵਿੱਚ ਗਿਰਾਵਟ, ਸੂਬੇ ਸਿਰ ਕਰਜ਼ੇ ਤੋਂ ਇਲਾਵਾ ਵਿੱਤੀ ਘਾਟਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ `ਤੇ ਪਹੁੰਚ ਗਿਆ ਹੈ। ਸ: ਢੀਂਡਸਾ ਨੇ ਕਿਹਾ ਕਿ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਧੜੱਲੇ ਨਾਲ ਲੋਕ ਲੁਭਾਉ ਵਾਅਦੇ ਅਤੇ ਐਲਾਨ ਤੇ ਐਲਾਨ ਕਰ ਰਹੀਆਂ ਹਨ, ਜਿਸ ਦੇ ਨਤੀਜੇ ਕਾਫ਼ੀ ਭਿਆਨਕ ਹੋ ਸਕਦੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਇਸਦੀ ਵੱਡੀ ਕੀਮਤ ਵੀ ਚੁੱਕਾਣੀ ਪੈ ਸਕਦੀ ਹੈ।
ਸ: ਢੀਂਡਸਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਚਾਲੂ ਵਿੱਤ ਸਾਲ ਦੌਰਾਨ ਪੰਜਾਬ ਸਿਰ ਕਰਜ਼ਾ ਵੱਧ ਕੇ ਕਰੀਬ ਤਿੰਨ ਲੱਖ ਕਰੋੜ ਹੋ ਗਿਆ ਹੈ।ਮੌਜੂਦਾ ਕਾਂਗਰਸ ਸਰਕਾਰ ਦੇ ਲੰਘੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਸਿਰ ਕਰੀਬ ਇਕ ਲੱਖ ਕਰੋੜ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ `ਤੇ ਇਸ ਗੱਲ ਵੱਲ ਧਿਆਨ ਦਿਵਉਂਦਿਆਂ ਕਿਹਾ ਕਿ ਕਰਜ਼ੇ ਵੱਧਣ ਦੀ ਜੇਕਰ ਇਹੋ ਰਫ਼ਤਾਰ ਰਹੀ ਤਾਂ ਆਉਂਦੇ ਕੁੱਝ ਸਮੇਂ ਦੌਰਾਨ ਹੀ ਪੰਜਾਬ `ਚ ਪ੍ਰਤੀ ਵਿਅਕਤੀ `ਤੇ ਔਸਤਨ ਇੱਕ ਲੱਖ ਰੁਪਏ ਤੋਂ ਉਪਰ ਕਰਜ਼ਾ ਚੜ੍ਹ ਜਾਵੇਗਾ।
ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ 2017 ਵੇਲੇ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਸਭ ਅਧੁਰੇ ਪਏ ਹਨ ਅਤੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਦਿਨ ਲੋਕ ਲੁਭਾਉ ਐਲਾਨ ਅਤੇ ਬਿਆਨਬਾਜ਼ੀ ਨਾਲ ਲੋਕਾਂ ਦਾ ਢਿੱਡ ਭਰਨ ਦੀ ਕੋਸਿ਼ਸ਼ ਕਰ ਰਹੇ ਹਨ। ਜਦਕਿ ਹਕੀਕਤ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਹੁਣ ਧੜਾਧੜ ਕੀਤੇ ਜਾ ਰਹੇ ਫੋਕੇ ਐਲਾਨਾਂ ਦੇ ਬਜਾਏ ਬੀਤੇ ਸਾਲਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਜੇਕਰ ਬਿਹਤਰ ਯੋਜਨਾਵਾਂ ਉਲੀਕੀਆਂ ਜਾਂਦੀਆਂ ਤਾਂ ਅਜੋਕੇ ਸਮੇਂ ਵਿੱਚ ਪੰਜਾਬ ਸਿਰ ਇਨਾ ਕਰਜ਼ਾ ਨਹੀ ਚੜ੍ਹਨਾ ਸੀ ਅਤੇ ਮੁੱਖ ਮੰਤਰੀ ਚੰਨੀ ਨੂੰ ਵੀ ਫੋਕੇ ਵਾਅਦੇ, ਦਾਅਵੇ ਅਤੇ ਐਲਾਨ ਕਰਨ ਦੀ ਸ਼ਾਇਦ ਜਰੂਰਤ ਨਹੀ ਪੈਣੀ ਸੀ। ਸ: ਢੀਂਡਸਾ ਨੇ ਕਿਹਾ ਕਿ ਵਰਤਮਾਨ ਸਰਕਾਰ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਬਣ ਚੁੱਕਾ ਹੈ।