ਨਵਜੋਤ ਸਿੱਧੂ ਨੇ ਬਾਦਲਾਂ ਨੂੰ ਲਿਆ ਲੰਬੇ ਹੱਥੀਂ, ਕੇਜਰੀਵਾਲ ਨੂੰ ਵੀ ਲਾਏ ਰਗੜੇ

ਜਗਰਾਓਂ/ਰਾਏਕੋਟ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਆਵਾਮ ਨੂੰ ਰਾਮ ਰਾਜ ਸਥਾਪਤ ਕਰਨ ਦੀ ਜ਼ੁਬਾਨ ਦਿੱਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਦੀ ਕਿਸਾਨੀ ਨੂੰ ਤਾਕਤਵਰ, ਖੁਸ਼ਹਾਲ ਤੇ ਅਮੀਰ ਬਣਾਉਣ ਲਈ ਐੱਮਐੱਸਪੀ ਨੂੰ ਕਾਨੂੰਨੀ ਮਾਨਤਾ ਦੇਣ ਦਾ ਵੱਡਾ ਐਲਾਨ ਕੀਤਾ। ਰਾਏਕੋਟ ਦੀ ਅਨਾਜ ਮੰਡੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਆਪਣੇ ਅੰਦਾਜ਼ ਵਿੱਚ ਜਿੱਥੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ, ਉੁਥੇ ਕੇਜਰੀਵਾਲ ਨੂੰ ਵੀ ਰਗਡ਼ੇ ਲਾਏ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਕਿ 2022 ’ਚ ਨਵਾਂ ਪੰਜਾਬ ਸਿਰਜਿਆ ਜਾਵੇਗਾ। ਇਸ ਸਾਰੇ ਲਈ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ ਜਿਸ ਤਹਿਤ ਪਾਕਿਸਤਾਨ ਦੇ ਬਾਰਡਰ ਸਮੇਤ ਹੋਰ ਦੇਸ਼ਾਂ ਵਿੱਚ ਕਿਸਾਨਾਂ ਦਾ ਝੋਨਾ ਤੇ ਕਣਕ ਜਿੱਥੇ ਦੁੱਗਣੇ ਭਾਅ ਵਿਕੇਗਾ, ਉਥੇ ਦਾਲਾਂ ਤੇ ਤੇਲਾਂ ਬੀਜ ’ਤੇ ਐੱਮਐੱਸਪੀ ਦਿੱਤਾ ਜਾਵੇਗਾ। ਉਨ੍ਹਾਂ ਮਿਸਾਲ ਦੇ ਤੌਰ ’ਤੇ ਇਹ ਵੀ ਕਿਹਾ ਕਿ ਅੱਜ ਜਦੋਂ ਮੱਕੀ ’ਤੇ ਐੱਮਐੱਸਪੀ 16 ਸੌ ਰੁਪਏ ਹੈ ਪਰ ਮਾਰਕੀਟ ਵਿਚ ਇਹ 800 ਰੁਪਏ ਵਿਕ ਰਹੀ ਹੈ, ਬਾਕੀ ਦੇ 800 ਰੁਪਏ ਦਾ ਘਾਟਾ ਕਿਸਾਨ ਨੂੰ ਸਰਕਾਰ ਆਪਣੇ ਕੋਲੋਂ ਪੂਰਾ ਕਰਕੇ ਦੇਵੇਗੀ। ਇਸੇ ਤਰ੍ਹਾਂ ਸਰਕਾਰ ਇੱਕ ਪਾਲਿਸੀ ਤਹਿਤ ਕਿਸਾਨਾਂ ਨੂੰ ਜਿਹਡ਼ੀਆਂ ਫਸਲਾਂ ਬੀਜਣ ਦੀ ਸਿਫ਼ਾਰਸ਼ ਕਰੇਗੀ, ਉਨ੍ਹਾਂ ਫ਼ਸਲਾਂ ’ਤੇ ਜੇ ਐੱਮਐੱਸਪੀ ਤੋਂ ਘੱਟ ਕੀਮਤ ਮਿਲੇਗੀ ਤਾਂ ਬਾਕੀ ਦਾ ਨੁਕਸਾਨ ਸਰਕਾਰ ਪੂਰਾ ਕਰਕੇ ਦੇਵੇਗੀ।                                                                                                                                                  ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਵੇਅਰ ਹਾਊਸ ਦੇ ਸੂਬੇ ਭਰ ਵਿੱਚ ਜਿੰਨੇ ਵੀ ਵੇਅਰਹਾਊਸ ਹਨ, ਕਿਸਾਨ ਉਨ੍ਹਾਂ ਵੇਅਰ ਹਾਊਸਾਂ ਵਿਚ ਆਪਣੀ ਫਸਲ ਲੈ ਕੇ ਆਵੇ ਅਤੇ ਨਾਲ ਦੀ ਨਾਲ ਹੀ 80 ਫੀਸਦੀ ਫ਼ਸਲ ਦਾ ਉਸ ਸਮੇਂ ਦਾ ਮੁੱਲ ਮਿਲੇਗਾ ਤੇ ਗੋਦਾਮਾਂ ਵਿਚ ਉਨ੍ਹਾਂ ਦੀ ਰੱਖੀ ਫਸਲ ਦਾ ਭਵਿੱਖ ਵਿੱਚ ਭਾਅ ਵਧੇਗਾ ਤਾਂ ਉਸ ਵਧੇ ਭਾਅ ਅਨੁਸਾਰ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦੀ ਰਕਮ ਮਿਲੇਗੀ। ਇਸ ਦੇ ਲਈ ਬਾਕਾਇਦਾ ਮਾਰਕੀਟ ਇੰਟਰਵੇਸ਼ਨ ਪਾਲਿਸੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਬਾਕਾਇਦਾ ਕਾਂਗਰਸ ਹਾਈ ਕਮਾਂਡ ਵੱਲੋਂ ਰਾਹੁਲ ਗਾਂਧੀ ਨੇ ਮੋਹਰ ਵੀ ਲਗਾ ਦਿੱਤੀ ਹੈ।ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਪੰਜਾਬ ਦੀ ਆਵਾਮ ਨੂੰ 51 ਹਜ਼ਾਰ ਕਰੋਡ਼ ਰੁਪਏ ਟੈਕਸ ਦੇ ਰੂਪ ਵਿੱਚ ਦੇਣੇ ਪੈਂਦੇ ਹਨ। ਇਨ੍ਹਾਂ ਨਵੀਆਂ ਪਾਲਿਸੀਆਂ ਨਾਲ ਪੰਜਾਬ ਕਰਜ਼ਾ-ਮੁਕਤ ਹੋ ਜਾਵੇਗਾ ਜਿਸ ਦੇ ਨਾਲ ਪੰਜਾਬ ਦੀ ਆਵਾਮ ਨੂੰ 51 ਹਜ਼ਾਰ ਕਰੋਡ਼ ਦੇ ਟੈਕਸ ਤੋਂ ਵੱਡੀ ਰਾਹਤ ਮਿਲੇਗੀ ਜਦਕਿ ਅੱਜ ਦੇ ਜੋ ਮੌਜੂਦਾ ਹਾਲਾਤ ਹਨ, ਉਨ੍ਹਾਂ ਅਨੁਸਾਰ 70 ਹਜ਼ਾਰ ਕਰੋਡ਼ ਕਰਜ਼ਾ, ਉਸ ’ਤੇ 25 ਹਜ਼ਾਰ ਕਰੋਡ਼ ਸੂਦ, 24-25 ਹਜ਼ਾਰ ਕਰੋਡ਼ ਤਨਖ਼ਾਹਾਂ, ਇਸ ਤੋਂ ਬਾਅਦ ਪੰਜਾਬ ਦੇ ਵਿਕਾਸ ਲਈ ਸਿਰਫ 12 ਹਜ਼ਾਰ ਕਰੋਡ਼ ਰੁਪਿਆ ਬਚਦਾ ਹੈ ਜਿਸ ਨਾਲ ਕੁਝ ਵੀ ਨਹੀਂ ਹੋ ਸਕਦਾ। ਅਜਿਹੇ ਹਾਲਾਤ ਤੋਂ ਪੰਜਾਬ ਨੂੰ ਬਾਹਰ ਕੱਢਣ ਲਈ ਚੋਰੀ ਰੋਕੀ ਜਾਵੇਗੀ ਜੋ ਪਿਛਲੇ 25 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਇਸ ਦੇ ਲਈ 2022 ’ਚ ਨਵਾਂ ਪੰਜਾਬ ਦੇ ਸਿਰਜਣ ਦੇ ਨਾਲ ਹੀ ਰੇਤਾ, ਸ਼ਰਾਬ ਅਤੇ ਕੇਬਲ ਤੋਂ ਚੋਰੀ ਰੋਕ ਕੇ ਪੰਜਾਬ ਦਾ ਖਜ਼ਾਨਾ ਨੱਕੋ-ਨੱਕ ਤਕ ਭਰਿਆ ਜਾਵੇਗਾ। ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਦੀ ਕਿਸਾਨੀ ਨੂੰ ਜ਼ਹਿਰੀਲੇ ਕੀਟਨਾਸ਼ਕਾਂ ਵਾਲੀ ਮਹਿੰਗੀ ਖੇਤੀ ਨੂੰ ਛੱਡ ਕੇ ਆਰਗੈਨਿਕ ਖੇਤੀ ਵੱਲ ਵਧਣ ਦਾ ਹੋਕਾ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਨੂੰ ਫ਼ਸਲਾਂ ਦਾ ਕਈ ਗੁਣਾ ਵੱਧ ਭਾਅ ਮਿਲੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ’ਤੇ ਵਿਸ਼ਵਾਸ ਅਤੇ ਭਰੋਸਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਲਾਂਘਾ ਖੋਲ੍ਹਣਾ ਸੀ ਤਾਂ ਉਨ੍ਹਾਂ ਨੂੰ ਆਪਣਾ ਕੂਕਰ ਬਣਾ ਕੇ ਇਸ ਦੇ ਲਈ ਅੱਗੇ ਲਾਇਆ, ਉਸ ਸਮੇਂ ਵੀ ਹਰ ਕੋਈ ਇਹੀ ਕਹਿੰਦਾ ਸੀ ਕਿ ਇਹ ਨਹੀਂ ਹੋ ਸਕਦਾ ਪਰ ਇਹ ਮੁਮਕਿਨ ਹੋਇਆ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਕਦੇ ਵੀ ਕੁਰਸੀ ਨਾਲ ਪਿਆਰ ਨਹੀਂ ਕੀਤਾ ਬਲਕਿ ਕੁਰਸੀ ਨੂੰ ਹਮੇਸ਼ਾ ਵਗਾ ਕੇ ਮਾਰਦਿਆਂ ਹੱਕਾਂ ਦੀ ਗੱਲ ਕੀਤੀ।

ਇਸ ਮੌਕੇ ਐੱਮਪੀ ਡਾ. ਅਮਰ ਸਿੰਘ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਕੁਲਜੀਤ ਨਾਗਰਾ, ਹਲਕਾ ਇੰਚਾਰਜ ਕਾਮਿਲ ਬੋਪਾਰਾਏ, ਖੰਨਾ ਦੇ ਪ੍ਰਧਾਨ ਰੁਪਿੰਦਰ ਰਾਜਾ ਨੇ ਪ੍ਰਧਾਨ ਸਿੱਧੂ ਨੂੰ ਸ੍ਰੀ ਸਾਹਿਬ ਭੇਟ ਕਰਦਿਆਂ ਸਨਮਾਨਿਤ ਕੀਤਾ।