ਨਵਜੋਤ ਸਿੱਧੂ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਲਈ ਕਹੀ ਵੱਡੀ ਗੱਲ, ਪੁਲਿਸ ਵੇਖ ਕੇ ਹੋਈ ਹੈਰਾਨ

ਮਾਲੇਰਕੋਟਲਾ : 

ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਲੇਰਕੋਟਲਾ ਆਮਦ ’ਤੇ ਜਿਥੇ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੱਬਾਂ ਭਾਰ ਸੀ, ਉਥੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਥਾਂ-ਥਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਧਰਨਾ ਸਥਾਨ ਵੱਲ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਅਤੇ ਦਾਣਾ ਮੰਡੀ ਮੋੜ ਅਤੇ ਠੰਢੀ ਤਹਿਸੀਲ ਦਫ਼ਤਰ ਦੇ ਗੇਟ ਨੇੜੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਸੜਕ ਉੱਪਰ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਅਤੇ ਨਵਜੋਤ ਸਿੱਧੂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਇਸ ਰੈਲੀ ਵਾਲੀ ਜਗ੍ਹਾ ’ਤੇ ਈਟੀਟੀ ਬੇਰੁਜ਼ਗਾਰ ਯੂਨੀਅਨ, ਨਗਰ ਕੌਂਸਲ ਦੇ ਕੱਚੇ ਮੁਲਾਜ਼ਮ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ, ਆਸ਼ਾ ਵਰਕਰਾਂ, ਠੇਕਾ ਵੈਟਰਨਰੀ ਦਰਜਾ ਚਾਰ ਯੂਨੀਅਨ ਪੰਜਾਬ, ਮਲਟੀਪਰਪਜ਼ ਹੈਲਥ ਵਰਕਰ (ਟੀ) ਸੰਘਰਸ਼ ਕਮੇਟੀ ਪੰਜਾਬ, ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਕਾਰਕੁੰਨਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੂੰ ਮੰਗ ਪੱਤਰ ਦੇਣ ਲਈ ਆਏ ਸਨ ਪਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਮਾਗਮ ਦੇ ਅੰਤ ’ਚ ਮਿਲਾਉਣ ਦਾ ਭਰੋਸਾ ਦਿਵਾਇਆ ਗਿਆ ਸੀ ਪ੍ਰੰਤੂ ਸਮਾਗਮ ਤੋਂ ਬਾਅਦ ਵੀ ਮਿਲਵਾਇਆ ਨਹੀਂ ਗਿਆ।

ਜ਼ਿਕਰਯੋਗ ਹੈ ਕਿ ਜਦੋਂ ਨਵਜੋਤ ਸਿੱਧੂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਦੇ ’ਚ ਬੈਠੇ ਈਟੀਟੀ ਬੇਰੁਜ਼ਗਾਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਕਿਹਾ ਕਿ ਕਾਂਗਰਸੀ ਸਰਕਾਰ ਜੋ ਕਿ ਦਲਿਤਾਂ ਦੀ ਵੋਟ ਨੂੰ ਲੁਭਾਉਣ ਲਈ ਦਲਿਤ ਮੁੱਖ ਮੰਤਰੀ ਦਾ ਪੱਤਾ ਖੇਡ ਰਹੀ ਹੈ ਪਰ ਦੂਜੇ ਪਾਸੇ ਦਲਿਤਾਂ ਦੀ ਜ਼ਮੀਨੀ ਮਸਲੇ ਉੱਪਰ ਲਗਾਤਾਰ ਚੁੱਪ ਵੱਟੀ ਹੋਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਲਗਾਤਾਰ ਦੋ ਵਾਰ ਲਿਖਤੀ ਪੱਤਰ ਜਾਰੀ ਹੋਣ ਤੋਂ ਬਾਅਦ ਵੀ ਦਲਿਤਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ।

ਉਥੇ ਹੀ ਨਗਰ ਕੌਂਸਲ ਦੀ ਕੱਚੀ ਅੰਗਹੀਣ ਮੁਲਾਜ਼ਮ ਸ਼ਾਹਿਦਾ ਨੇ ਭੁੱਬਾਂ ਮਾਰਦਿਆਂ ਕਿਹਾ ਕਿ ਉਹ 10 ਸਾਲਾਂ ਤੋਂ ਨਗਰ ਕੌਂਸਲ ’ਚ ਕੱਚੇ ਮੁਲਾਜ਼ਮ ਦੇ ਤੌਰ ’ਤੇ ਕੰਮ ਕਰ ਰਹੀ ਹੈ, ਉਸ ਦੇ ਕਾਗਜ਼ਾਤ ਸਾਰੇ ਪੂਰੇ ਹਨ ਪਰ ਅਜੇ ਤਕ ਪੱਕਾ ਨਹੀਂ ਕੀਤਾ ਗਿਆ। ਪੰਡਾਲ ’ਚ ਤੈਨਾਤ ਸਰੁੱਖਿਆ ਦਸਤਿਆਂ ਨੇ ਨਾਅਰੇਬਾਜ਼ੀ ਕਰ ਰਹੇ ਸਾਰੇ ਕਾਰਕੁੰਨਾਂ ਦੇ ਮੂੰਹ ’ਤੇ ਹੱਥ ਰੱਖ ਕੇ ਚੁੱਕ ਕੇ ਬਾਹਰ ਲੈ ਗਏ। ਇਸੇ ਦੌਰਾਨ ਨਵਜੋਤ ਸਿੱਧੂ ਨੇ ਮੰਚ ਤੋਂ ਕਿਹਾ ਕਿ ਮੁਲਾਜ਼ਮਾਂ ਨਾਲ ਕੁੱਟਮਾਰ ਨਾ ਕੀਤੀ ਜਾਵੇ, ਇਨ੍ਹਾਂ ਨੂੰ ਰੋਸ ਪ੍ਰਗਟਾਉਣ ਦਾ ਪੂਰਾ ਹੱਕ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਇਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਸਨ।