ਵੱਡੀ ਖ਼ਬਰ: ਰਾਮ ਰਹੀਮ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ, ਸਜ਼ਾ ਹੋਵੇਗੀ ਘੱਟ?

ਚੰਡੀਗੜ੍ਹ : ਸਾਧਵੀਆਂ ਦੇ ਨਾਲ ਬਲਾਤਕਾਰ ਕਰਨ, ਪੱਤਰਕਾਰ ਦਾ ਕਤਲ ਕਰਨ ਤੋਂ ਇਲਾਵਾ ਰਣਜੀਤ ਸਿੰਘ ਹੱਤਿਆ ਕਾਂਡ ਦੇ ਕੇਸਾਂ ਵਿੱਚ ਜੇਲ੍ਹ ਦੇ ਅੰਦਰ ਸਜ਼ਾਵਾਂ ਕੱਟ ਰਿਹਾ ਰਾਮ ਰਹੀਮ ਜੇਲ੍ਹ ਤੋਂ ਬਾਅਦ ਨਿਕਲ ਲਈ ਲਗਾਤਾਰ ਹੱਥਕੰਡੇ ਅਪਣਾ ਰਿਹਾ ਹੈ। ਹੁਣ ਰਾਮ ਰਹੀਮ ਨੇ ਸਜ਼ਾ ਘਟਵਾਉਣ ਦੇ ਲਈ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਖ਼ਬਰਾਂ ਮੁਤਾਬਿਕ ਸੋਮਵਾਰ ਨੂੰ ਹਾਈ ਕੋਰਟ ਦੇ ਜਸਟਿਸ ਏਜੀ ਮਸੀਹ ਤੇ ਜਸਟਿਸ ਸੰਦੀਪ ਮੌਦਗਿਲ ‘ਤੇ ਆਧਾਰਿਤ ਬੈਂਚ ਨੇ ਰਾਮ ਰਹੀਮ ਦੀ ਅਪੀਲ ਨੂੰ ਐਡਮਿਟ ਕਰਦੇ ਹੋਏ ਜੁਰਮਾਨੇ ਦੀ ਰਕਮ ‘ਤੇ ਰੋਕ ਲਗਾਉਂਦਿਆਂ ਵੱਡੀ ਰਾਹਤ ਦਿੱਤੀ ਹੈ। 

18 ਅਕਤੂਬਰ ਨੂੰ ਪੰਚਕੂਲਾ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਤੇ ਚਾਰ ਹੋਰ ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਰਾਮ ਰਹੀਮ ‘ਤੇ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ ਜਦਕਿ ਬਾਕੀ ਮੁਲਜ਼ਮਾਂ ਨੂੰ 50-50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਸੀ। ਪੰਚਕੂਲਾ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ‘ਚ ਰਾਮ ਰਹੀਮ ਤੇ ਚਾਰ ਹੋਰ ਕ੍ਰਿਸ਼ਨਪਾਲ, ਜਸਬੀਰ ਸਿੰਘ, ਅਵਤਾਰ ਸਿੰਘ ਤੇ ਸਬਦਿਲ ਨੂੰ 8 ਅਕਤੂਬਰ ਨੂੰ ਦੋਸ਼ੀ ਠਹਿਰਾਇਆ ਸੀ। ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ 2002 ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਕ ਅਣਪਛਾਤੇ ਪੱਤਰ ਪ੍ਰਸਾਰਿਤ ਕਰਨ ‘ਚ ਸ਼ੱਕੀ ਭੂਮਿਕਾ ਕਾਰਨ ਉਸ ਦੀ ਹੱਤਿਆ ਕੀਤੀ ਗਈ ਸੀ। ਇਸ ਪੱਤਰ ‘ਚ ਦੱਸਿਆ ਗਿਆ ਸੀ ਕਿ ਡੇਰਾ ਮੁਖੀ ਡੇਰਾ ਹੈੱਡਕੁਆਰਟਰ ‘ਚ ਕਿਵੇਂ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦਾ ਹੈ। ਸੀਬੀਆਈ ਮੁਤਾਬਕ, ਡੇਰਾ ਮੁਖੀ ਰਾਮ ਰਹੀਮ ਦਾ ਮੰਨਣਾ ਸੀ ਕਿ ਇਸ ਅਣਪਛਾਤੇ ਪੱਤਰ ਨੂੰ ਪ੍ਰਕਾਸ਼ਿਤ ਕਰਨ ਪਿੱਛੇ ਰਣਜੀਤ ਸਿੰਘ ਸੀ ਤੇ ਉਸ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜੀ। ਗੁਰਮੀਤ ਰਾਮ ਰਹੀਮ ਫਿਲਹਾਲ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹਨ। ਉਨ੍ਹਾਂ ਨੂੰ 2017 ‘ਚ ਦੋ ਪੈਰੋਕਾਰਾਂ ਨਾਲ ਜਬਰ ਜਨਾਹ ਦੇ ਜੁਰਮ ‘ਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਵੀ ਉਨ੍ਹਾੰ ਨੂੰ ਉਮਰਕੈਦ ਦੀ ਸਜ਼ਾ ਹੋ ਚੁੱਕੀ ਹੈ।