ਬੇਅਦਬੀ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਵੱਡਾ ਬਿਆਨ, ਕਿਹਾ- ਦੋਸ਼ੀਆਂ ਨੂੰ ਜਨਤਕ ਰੂਪ 'ਚ ਫਾਂਸੀ ਦਿੱਤੀ ਜਾਵੇ

ਪੰਜਾਬ ਬੇਅਦਬੀ ਕੇਸ : ਪਹਿਲਾਂ ਅੰਮ੍ਰਿਤਸਰ ਤੇ ਫਿਰ ਕਪੂਰਥਲਾ 'ਚ ਬੇਅਦਬੀ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਗਰਮ ਹੈ। ਦੋਵੇਂ ਹੀ ਮਾਮਲਿਆਂ 'ਚ ਮੁਲਜ਼ਮਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਸਰੇਰਾਹ ਫਾਂਸੀ 'ਤੇ ਟੰਗ ਦਿੱਤਾ ਜਾਣਾ ਚਾਹੀਦੈ। ਮਾਲੇਰਕੋਟਲਾ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ, 'ਸਾਨੂੰ ਏਕਤਾ ਦੀ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਕੱਟੜਪੰਥੀ ਤਾਕਤਾਂ ਸਾਡੀ ਏਕਤਾ ਨੂੰ ਭੰਗ ਕਰ ਰਹੀਆਂ ਹਨ। ਕੱਟੜਪੰਥੀ ਤਾਕਤਾਂ ਸਾਡੀ ਏਕਤਾ ਨੂੰ ਭੰਗ ਕਰ ਰਹੀਆਂ ਹਨ। ਜਦੋਂ ਵੀ ਦੇਸ਼ ਭਰ ਵਿਚ ਇਕ ਧਰਮ ਨੂੰ ਉੱਚ ਅਤੇ ਦੂਸਰੇ ਨੂੰ ਨਿਮਨ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਹੈ, ਤਾਂ ਪੰਜਾਬ ਹਮੇਸ਼ਾ ਇਸ ਦੇ ਖਿਲਾਫ਼ ਖੜ੍ਹਾ ਹੁੰਦਾ ਹੈ। ਪੰਜਾਬ 'ਚ ਸਭ ਲੋਕ ਸਮਾਨ ਹਨ। ਜੇਕਰ ਬੇਅਦਬੀ ਦੀ ਘਟਨਾ ਹੁੰਦੀ ਹੈ, ਅਜਿਹੇ ਹੀ ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਭਗਵਤ ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਵੇ- ਦੋਸ਼ੀਆਂ ਨੂੰ ਜਨਤਕ ਰੂਪ 'ਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਸੰਵਿਧਾਨ ਤਹਿਤ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।'

24 ਘੰਟਿਆਂ 'ਚ ਬੇਅਦਬੀ ਦੇ 2 ਮਾਮਲੇ, ਦੋਵਾਂ 'ਚ ਮੁਲਜ਼ਮਾਂ ਦੀ ਮੌਤ, ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ

ਪੰਜਾਬ 'ਚ ਪਿਛਲੇ 24 ਘੰਟਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਦੋਵਾਂ 'ਚ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸਿੱਖ ਧਰਮ ਦੇ ਸਭ ਤੋਂ ਵੱਡੇ ਕੇਂਦਰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨਿਚਰਵਾਰ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਅਦਬੀ ਨੂੰ ਦੇਖਦੇ ਹੋਏ ਸੇਵਾਦਾਰਾਂ ਨੇ ਦੋਸ਼ੀ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸੇ ਦੌਰਾਨ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਿਜਾਮਪੁਰ 'ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਿਜਾਮਪੁਰ 'ਚ ਐਤਵਾਰ ਤੜਕੇ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਸਾਥੀਆਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। ਉਸ ਦੀ ਵੀ ਕੁੱਟਮਾਰ ਨਾਲ ਮੌਤ ਹੋ ਗਈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪਿੰਡ ਨਿਜਾਮਪੁਰ ਦੀ ਸੰਗਤ ਨੇ ਸਿੱਖ ਕੌਮ ਨੂੰ ਆਪੋ-ਆਪਣੇ ਪਿੰਡਾਂ ਦੇ ਗੁਰੂ ਘਰਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਹੈ। ਚੋਣਾਂ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਅਸੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਹੀਂ ਲਵਾਂਗੇ, ਪਰ ਬੇਅਦਬੀ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।