ਕਿਮ ਜੋਂਗ ਦਾ ਤਾਨਾਸ਼ਾਹੀ ਹੁਕਮ; 11 ਦਿਨ ਲੋਕ ਨਾ ਹੱਸਣਗੇ ਅਤੇ ਨਾ ਹੀ ਰੋਣਗੇ!

ਉੱਤਰੀ ਕੋਰੀਆ : ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇੱਕ ਨਵਾਂ ਫਰਮਾਨ ਸੁਣਾਉਂਦਿਆਂ ਦੇਸ਼ ‘ਚ ਲੋਕਾਂ ਦੇ ਹੱਸਣ, (ਸ਼ੌਪਿੰਗ) ਖਰੀਦਦਾਰੀ ਕਰਨ ਅਤੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਗਲੇ 11 ਦਿਨਾਂ ਤੱਕ ਜਾਰੀ ਰਹੇਗੀ। ਕਿਮ ਜੋਂਗ ਨੇ ਇਹ ਪਾਬੰਦੀ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਸ਼ਾਸਕ ਕਿਮ ਜੋਂਗ ਇਲ ਦੀ 10ਵੀਂ ਬਰਸੀ ਮੌਕੇ ਲਗਾਈ ਹੈ।

ਕਿਮ ਜੋਂਗ ਉਨ ਨੇ ਆਪਣੇ ਪਿਤਾ ਦੀ ਮੌਤ ਦੇ 10 ਸਾਲ ਪੂਰੇ ਹੋਣ ‘ਤੇ ਉੱਤਰੀ ਕੋਰੀਆ ਦੇ ਲੋਕਾਂ ‘ਤੇ 11 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਹੈ, ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਗਈ ਹੈ। ਇਸ ਦੌਰਾਨ ਦੇਸ਼ ਦੇ ਲੋਕ ਨਾ ਤਾਂ ਹੱਸ ਸਕਦੇ ਹਨ ਅਤੇ ਨਾ ਹੀ ਸ਼ਰਾਬ ਪੀ ਸਕਦੇ ਹਨ। ਇੰਨਾ ਹੀ ਨਹੀਂ, ਉਹ ਆਪਣੇ ਨਿੱਜੀ ਦੁੱਖ ਵਿੱਚ ਉੱਚੀ-ਉੱਚੀ ਰੋ ਵੀ ਨਹੀਂ ਸਕਦੇ। ਪਾਰਟੀਆਂ, ਸ਼ੌਪਿੰਗਆਦਿ ‘ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੇ ਹੁਕਮ ਵੀ ਦਿੱਤੇ ਗਏ ਹਨ।

ਕਿਮ ਜੋਂਗ ਇਲ ਦੀ ਮੌਤ ਦੀ 10ਵੀਂ ਬਰਸੀ ‘ਤੇ ਕੋਰੀਆਈ ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦਾ ਇਜ਼ਹਾਰ ਨਾ ਕਰਨ ਦਾ ‘ਸਖ਼ਤ ਹੁਕਮ’ ਦਿੱਤਾ ਹੈ। ਇਲ ਨੇ 1994 ਤੋਂ 2011 ਤੱਕ (ਉਸ ਦੀ ਮੌਤ ਤੱਕ) ਉੱਤਰੀ ਕੋਰੀਆ ‘ਤੇ ਰਾਜ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਤੀਜਾ ਅਤੇ ਸਭ ਤੋਂ ਛੋਟਾ ਪੁੱਤਰ ਕਿਮ ਜੋਂਗ ਉਨ ਉਸ ਦਾ ਉੱਤਰਾਧਿਕਾਰੀ ਬਣਿਆ ਸੀ।

ਉੱਤਰ-ਪੂਰਬੀ ਸਰਹੱਦੀ ਕਸਬੇ ਸਿਨੁਈਜੂ (Sinuiju) ਦੇ ਇੱਕ ਵਸਨੀਕ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਗ ਦੇ ਸਮੇਂ (17 ਦਸੰਬਰ ਤੋਂ) ਸਾਡੇ ‘ਤੇ ਸ਼ਰਾਬ ਨਾ ਪੀਣ, ਹੱਸਣ ਅਤੇ ਕਿਸੇ ਵੀ ਖੇਡ ਵਿੱਚ ਹਿੱਸਾ ਨਾ ਲੈਣ ਦੀ ਪਬੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਇਸ ਸੋਗ ਦੇ ਦੌਰ ਵਿੱਚ ਜਿਹੜਾ ਵੀ ਵਿਅਕਤੀ ਸ਼ਰਾਬ ਪੀਂਦਾ ਫੜਿਆ ਗਿਆ ਸੀ, ਉਸ ਨੂੰ ਮੁੜ ਕਦੇ ਨਹੀਂ ਦੇਖਿਆ ਗਿਆ।

ਇਨ੍ਹਾਂ 11 ਦਿਨਾਂ ਦੌਰਾਨ ਜੇਕਰ ਕਿਸੇ ਦੇ ਘਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਰੋਣ ਜਾਂ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਹੈ। ਸੋਗ ਦਾ ਦਿਨ ਪੂਰਾ ਹੋਣ ਤੱਕ ਲਾਸ਼ ਘਰ ਵਿੱਚ ਰਹੇਗੀ। ਇਨ੍ਹਾਂ 11 ਦਿਨਾਂ ਦੌਰਾਨ ਲੋਕ ਆਪਣਾ ਜਨਮ ਦਿਨ ਵੀ ਨਹੀਂ ਮਨਾ ਸਕਦੇ। ਦੱਸਿਆ ਗਿਆ ਕਿ ਹਰ ਸਾਲ ਸੋਗ ਦੀ ਮਿਆਦ 10 ਦਿਨਾਂ ਦੀ ਹੁੰਦੀ ਸੀ, ਕਿਉਂਕਿ ਇਹ 10ਵੀਂ ਬਰਸੀ ਹੈ, ਇਸ ਲਈ ਇਸ ਮਿਆਦ ਨੂੰ ਇੱਕ ਦਿਨ ਵਧਾ ਦਿੱਤਾ ਗਿਆ ਹੈ। ਹੁਣ ਸੋਗ ਦੀ ਮਿਆਦ 11 ਦਿਨ ਹੈ।