ਭਾਜਪਾ ਨੂੰ ਬੰਗਾਲ ‘ਚ ਫਿਰ ਵੱਡਾ ਝਟਕਾ; ਨਗਰ ਨਿਗਮ ਚੋਣਾਂ ‘ਚ TMC ਜਿੱਤੀ, ਭਾਜਪਾ ਚੌਥੇ ਗੇਅਰ ‘ਤੇ ਅੜੀ

ਬੰਗਾਲ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਾਨਦਾਰ ਜਿੱਤ ਦੇ ਸੱਤ ਮਹੀਨਿਆਂ ਬਾਅਦ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਮੰਗਲਵਾਰ ਨੂੰ ਇਕ ਵਾਰ ਫਿਰ ਆਪਣੀ ਤਾਕਤ ਵਿਖਾਈ ਹੈ। ਸੱਤਾਧਾਰੀ ਪਾਰਟੀ ਨੇ ਕੇਐਮਸੀ ਚੋਣਾਂ ਵਿੱਚ 144 ਵਿੱਚੋਂ 134 ਵਾਰਡ ਜਿੱਤ ਕੇ ਕੋਲਕਾਤਾ ਨਗਰ ਨਿਗਮ ਵਿੱਚ ਆਪਣੀ ਤਾਕਤ ਬਰਕਰਾਰ ਰੱਖੀ।

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਕੋਲਕਾਤਾ ਮਿਊਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਜਿੱਤ ਦੀ ਹੈਟ੍ਰਿਕ ਬਣਾ ਲਈ ਹੈ। ਟੀਐੱਮਸੀ ਨੇ 144 ਵਾਰਡਾਂ ‘ਚੋਂ 134 ‘ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੂੰ ਚਾਰ ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਅਤੇ ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ ਪੱਖੀ ਮੋਰਚੇ ਨੂੰ ਦੋ-ਦੋ ਸੀਟਾਂ ‘ਤੇ ਜਿੱਤ ਮਿਲੀ ਹੈ।

ਤਿੰਨ ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਨਗਰ ‘ਚ ਵੱਡੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਆਪਣੀ ਰਿਹਾਇਸ਼ ਦੇ ਬਾਹਰ ਮਮਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,”ਮੈਂ ਇਹ ਜਿੱਤ ਸੂਬੇ ਦੇ ਲੋਕਾਂ ਅਤੇ ‘ਮਾਂ, ਮਾਟੀ, ਮਾਨੁਸ਼’ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ।

ਭਾਜਪਾ, ਕਾਂਗਰਸ ਅਤੇ ਸੀਪੀਐੈੱਮ ਵਰਗੀਆਂ ਕਈ ਕੌਮੀ ਪਾਰਟੀਆਂ ਨੇ ਸਾਡੇ ਖ਼ਿਲਾਫ਼ ਚੋਣਾਂ ਲੜੀਆਂ ਪਰ ਉਹ ਸਾਰੀਆਂ ਹਾਰ ਗਈਆਂ। ਇਹ ਜਿੱਤ ਆਉਂਦੇ ਦਿਨਾਂ ‘ਚ ਕੌਮੀ ਸਿਆਸਤ ਦਾ ਰਾਹ ਪੱਧਰਾ ਕਰਨਗੀਆਂ।” ਟੀਐੱਮਸੀ ਨੇ ਅਪਰੈਲ-ਮਈ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਸਾਰੇ 16 ਵਿਧਾਨ ਸਭਾ ਹਲਕਿਆਂ ‘ਚ ਹੂੰਝਾ ਫੇਰਿਆ ਸੀ।