ਵੱਡੀ ਖ਼ਬਰ: ਰਣਜੀਤ ਸਿੰਘ ਬ੍ਰਹਮਪੁਰਾ ਅੱਜ ਹੋਣਗੇ ਅਕਾਲੀ ਦਲ ‘ਚ ਸ਼ਾਮਲ

ਚੰਡੀਗੜ੍ਹ

ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅੱਜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਦੱਸ ਦਈਏ ਕਿ ਅਕਾਲੀ ਦਲ ਦੇ ਨਾਲੋਂ ਸਾਥ ਤੋਡ਼ ਕੇ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਨਵੀਂ ਪਾਰਟੀ ਅਕਾਲੀ ਦਲ ਸੰਯੁਕਤ ਦਾ ਗਠਨ ਕੀਤਾ ਗਿਆ ਸੀ।

ਖ਼ਬਰਾਂ ਆਈਆਂ ਹਨ ਕਿ ਢੀਂਡਸਾ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਕਾਰਨ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਸਾਥੀ ਢੀਂਡਸਾ ਨੂੰ ਛੱਡ ਕੇ ਅੱਜ ਫਿਰ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।

ਦੱਸ ਦੇਈਏ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀਆਂ ਦੀ ਵੀ ਘਰ ਵਾਪਸੀ ਹੋ ਰਹੀ ਹੈ।

ਬ੍ਰਹਮਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਅਪੀਲ ਨੂੰ ਮੰਨਦਿਆਂ ਵਾਪਸੀ ਦਾ ਫੈਸਲਾ ਕੀਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਤਾਕਤਾਂ ਨੁੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਬ੍ਰਹਮਪੁਰਾ ਦੇ ਨਾਲ ਹੀ ਪੀਰਮੁਹੰਮਦ ਨੇ ਕਿਹਾ ਹੈ ਕਿ ਅਸੀਂ ਮੁੱਢ ਤੋਂ ਅਕਾਲੀ ਸੀ ਤੇ ਅਕਾਲੀ ਹੀ ਰਹਾਂਗੇ।