ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੁਧਿਆਣਾ ਅਦਾਲਤ ਬਲਾਸਟ ਦੇ ਪੀੜਤਾਂ ਦਾ ਹਾਲ ਜਾਨਣ ਪਹੁੰਚੇ।

ਲੁਧਿਆਣਾ (ਪੰਜਾਬ) ਵਿੱਚ ਜ਼ਿਲ੍ਹਾ ਅਦਾਲਤ ਦੀ ਇਮਾਰਤ ਦੇ ਵਾਸ਼ਰੂਮ ਵਿੱਚ ਕਥਿਤ ਤੌਰ 'ਤੇ ਇੱਕ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਿੱਜੀ ਤੌਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਗਏ ਅਤੇ ਲੁਧਿਆਣਾ ਸ਼ਹਿਰ ਦੇ ਸੀ.ਐੱਮ.ਸੀ, ਡੀ.ਐੱਮ.ਸੀ., ਗੁਰੂ ਤੇਗ ਬਹਾਦਰ ਅਤੇ ਸਿਵਿਲ ਹਸਪਤਾਲ, ਲੁਧਿਆਣਾ ਸਮੇਤ ਸਾਰੇ ਹਸਪਤਾਲਾਂ ਵਿੱਚ ਦਾਖਲ ਬਲਾਸਟ ਪੀੜਤਾਂ ਦਾ ਹਾਲ ਜਾਨਣ ਪਹੁੰਚੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਲੁਧਿਆਣਾ ਸ਼ਹਿਰ ਅਤੇ ਪੰਜਾਬ ਰਾਜ ਦੇ ਅਮਨ-ਕਾਨੂੰਨ ਨੂੰ ਪੂਰੀ ਤਰ੍ਹਾਂ ਭੰਗ ਕਰਨ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਸ਼ਾਂਤੀ ਭੰਗ ਕਰਨ ਵਾਲੀਆਂ ਗਤੀਵਿਧੀਆਂ ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਸਿਆਸੀ ਕਾਰਨਾਂ ਕਰਕੇ ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਜਾਤ, ਵਰਗ ਅਤੇ ਧਰਮ ਦੇ ਆਧਾਰ 'ਤੇ ਬੇਕਸੂਰਾਂ ਨੂੰ ਨਿਸ਼ਾਨਾ ਬਣਾ ਕੇ ਚੁਣੌਤੀ ਦਿੱਤੀ ਜਾ ਰਹੀ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਲਈ ਇੱਕਜੁੱਟ ਤੇ ਨਿਡਰ ਹੋ ਕੇ ਲੜਾਈ ਲੜਣਾ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੋ ਗਿਆ ਹੈ। 
ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਦਿਲੋਂ ਅਰਦਾਸ ਕੀਤੀ। ਉਨ੍ਹਾਂ ਦੁਹਰਾਇਆ ਕਿ ਪਿਛਲੇ ਸਮੇਂ ਵਿੱਚ ਪੰਜਾਬ ਨੇ  ਇਕੱਜੁਟ ਹੋ ਕੇ ਬੁਰੇ ਸਿਆਸੀ ਇਰਾਦਿਆਂ ਵਿਰੁੱਧ ਜਿੱਤ ਹਾਸਲ ਕੀਤੀ ਹੈ ਅਤੇ ਉਹ ਹੁਣ ਫਿਰ ਅਜਿਹਾ ਕਰ ਸਕਦਾ ਹੈ।