ਮਿਸ਼ਨ 2022: ਕਾਂਗਰਸ ਵੱਲੋਂ ਬਿਨਾਂ CM ਚਿਹਰੇ ਮੈਦਾਨ ਵਿਚ ਨਿੱਤਰਨ ਦੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ (Punjab Election) ਲਈ ਕਾਂਗਰਸ ਪਾਰਟੀ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨੇਗੀ, ਸਗੋਂ ਪਾਰਟੀ ਨੇ ਸਮੂਹਿਕ ਅਗਵਾਈ ਹੇਠ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ 'ਤੇ ਅਜੇ ਅੰਤਿਮ ਫੈਸਲਾ ਹੋਣਾ ਬਾਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਕਈ ਨੇਤਾਵਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਜਾਤੀ ਸਮੀਕਰਨ ਨੂੰ ਸੁਲਝਾਉਣ ਲਈ ਸਮੂਹਿਕ ਅਗਵਾਈ ਹੇਠ ਚੋਣ ਲੜਨੀ ਚਾਹੀਦੀ ਹੈ। ਫਿਲਹਾਲ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ।ਨਿਊਜ਼ ਏਜੰਸੀ ਏਐਨਆਈ ਨੇ ਪਾਰਟੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਅੰਤਿਮ ਫੈਸਲਾ ਲਿਆ ਜਾਣਾ ਹੈ। ਪਾਰਟੀ ਦੇ ਇੱਕ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਚੋਟੀ ਦੇ ਆਗੂਆਂ ਅੱਗੇ ਇੱਛਾ ਪ੍ਰਗਟਾਈ ਹੈ ਕਿ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਲਈ ਸਮੂਹਿਕ ਅਗਵਾਈ ਹੇਠ ਕੰਮ ਕਰਨਾ ਚਾਹੀਦਾ ਹੈ।ਰਿਪੋਰਟ ਮੁਤਾਬਕ ਅਜਿਹਾ ਲੱਗਦਾ ਹੈ ਕਿ ਇਸ ਕਦਮ ਨਾਲ ਪਾਰਟੀ ਵੋਟਾਂ ਦੇ ਧਰੁਵੀਕਰਨ ਤੋਂ ਬਚਣਾ ਚਾਹੁੰਦੀ ਹੈ। ਕਿਉਂਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਹਨ, ਇਸ ਲਈ ਦਲਿਤ ਵੋਟਾਂ ਮਿਲਣ ਦੀ ਸੰਭਾਵਨਾ ਵੱਧ ਹੈ।

ਸੂਬੇ ਦੀ ਆਬਾਦੀ ਵਿੱਚ ਜੱਟ ਸਿੱਖ ਅਤੇ ਹਿੰਦੂ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਜੱਟ ਸਿੱਖ ਹਨ। ਜਦਕਿ ਦੂਜੇ ਡਿਪਟੀ ਸੀਐਮ ਓਪੀ ਸੋਨੀ ਹਿੰਦੂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੱਟ ਸਿੱਖ ਹਨ।

ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਾਂਗਰਸ ਸਕਰੀਨਿੰਗ ਕਮੇਟੀ ਨੇ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਅਤੇ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਉਮੀਦਵਾਰਾਂ ਦੀ ਚੋਣ ਲਈ ਕਮੇਟੀ ਦਿੱਲੀ ਵਿੱਚ ਦੋ ਵਾਰ ਮੀਟਿੰਗ ਕਰ ਚੁੱਕੀ ਹੈ। ਨਾਲ ਹੀ ਪਾਰਟੀ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਮੀਦਵਾਰਾਂ ਨੂੰ ਯੋਗਤਾ ਦੇ ਆਧਾਰ 'ਤੇ ਟਿਕਟਾਂ ਦਿੱਤੀਆਂ ਜਾਣਗੀਆਂ।