ਗਰੀਸ: ਸਮੁੰਦਰ ‘ਚ ਡੁੱਬਿਆ ਬੇੜਾ, 27 ਲੋਕਾਂ ਦੀ ਮੌਤ

ਮਿਲਾਨ/ਇਟਲੀ

ਕ੍ਰਿਸਮਸ ਦਾ ਤਿਉਹਾਰ ਉਨਾਂ ਗੈਰ ਯੂਰਪੀਅਨ ਸ਼ਰਨਾਰਥੀਆਂ ਲਈ ਮੰਦਭਾਗਾ ਸਾਬਿਤ ਹੋਇਆ ਹੈ ਜੋ ਕਿ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦੇ ਮੰਤਵ ਦੇ ਨਾਲ ਬੇੜੇ ‘ਤੇ ਸਵਾਰ ਹੋ ਕੇ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀਅਨ ਮੁਲਕਾਂ ਵੱਲ ਨਿਕਲੇ ਸਨ।

ਗਰੀਸ ਦੀ ਜਲ ਸੈਨਾ ਨੇ ਇਕ ਸਮੁੰਦਰੀ ਬੇੜੇ ਨੂੰ ਪਾਣੀ ਵਿੱਚ ਡਿਕ ਡੋਲੇ ਖਾਂਦਿਆਂ ਵੇਖਿਆ ਸੀ, ਜਿਸ ਵਿੱਚ ਕਿ 80 ਸਰਨਾਰਥੀ ਸਵਾਰ ਸਨ, ਜਿਨਾਂ ਵਿਚੋਂ 11 ਉਸੇ ਸਮੇਂ ਹੀ ਡੁੱਬ ਗਏ ਸਨ ਜਦੋਂ ਕਿ 16 ਹੋਰ ਸਰਨਾਰਥੀਆਂ ਦੀਆਂ ਲਾਸ਼ਾਂ ਨੂੰ ਦੂਜੇ ਦਿਨ ਪਾਣੀ ਵਿਚੋਂ ਬਾਹਰ ਕੱਢਿਆ ਗਿਆ।

ਬਚਾਅ ਕਾਰਜਾਂ ਵਿਚ ਲੱਗੀ ਪੁਲਸ ਟੁਕੜੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 52 ਵਿਅਕਤੀਆਂ ਨੂੰ ਜਿਉਂਦੇ ਬਚਾ ਲਿਆ ਗਿਆ ਹੈ ਜਿਹਨਾਂ ਵਿਚ 11 ਔਰਤਾਂ ਅਤੇ 27 ਬੱਚੇ ਸ਼ਾਮਿਲ ਹਨ। ਰਫਿਉਜੀਆਂ ਲਈ ਕੰਮ ਕਰਨ ਵਾਲੀ ਗਰੀਸ ਦੀ ਰਾਸ਼ਟਰੀ ਸੰਸਥਾ ਨੇ ਦੱਸਿਆ ਕਿ ਇਸ ਸਾਲ 1 ਲੱਖ 16 ਹਜਾਰ ਰਫੀਉਜੀਆਂ ਨੇ ਮੈਡੀਟੇਰੀਅਨ ਸਾਗਰ ਨੂੰ ਪਾਰ ਕਰਕੇ ਯੁਰਪੀਅਨ ਮੁਲਕਾਂ ਅੰਦਰ ਸ਼ਰਨ ਲਈ ਹੈ। ਜਿਹਨਾਂ ਵਿਚੋਂ 55 ਪ੍ਰਤੀਸ਼ਤ ਸਰਨਾਰਥੀ ਇਟਲੀ ਦੇ ਕੈਂਪਾਂ ਵਿੱਚ ਰੱਖੇ ਹੋਏ ਹਨ।

ਇੱਥੇ ਦੱਸਣਯੋਗ ਹੈ ਕਿ ਤੁਰਕੀ, ਲੀਬੀਆ ਅਤੇ ਅਫਰੀਕਨ ਤੇ ਅਰਬੀ ਮੁਲਕਾਂ ਨਾਲ਼ ਸਬੰਧਿਤ ਵੱਡੀ ਗਿਣਤੀ ਵਿਚ ਸਰਨਾਰਥੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਕਸਰ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀ ਮੁਲਕਾਂ ਵੱਲ ਬੇੜਿਆਂ ‘ਤੇ ਸਵਾਰ ਹੋ ਕੇ ਆਉਂਦੇ ਹਨ, ਜਿਸ ਨੂੰ ਰੋਕਣ ਲਈ ਕੁਝ ਦਿਨ ਪਹਿਲਾ ਯੁਰਪੀਅਨ ਮੁਲਕਾਂ ਦੀ ਬਰੱਸਲਜ ਵਿਖੇ ਇਕ ਮੀਟਿੰਗ ਵੀ ਹੋਈ ਸੀ ਅਤੇ ਰੂਸ ਨੂੰ ਆਪਣੀਆਂ ਸਰਹੱਦਾਂ ਤੇ ਹੋਰ ਨਜਰਸਾਨੀ ਵਧਾਉਣ ਲਈ ਕਿਹਾ ਗਿਆ ਸੀ। –