ਵੱਡੀ ਖ਼ਬਰ: ਸਿਹਤ ਮੰਤਰੀ ਓਪੀ ਸੋਨੀ ਦਾ ਵੱਡਾ ਬਿਆਨ, ਪੰਜਾਬ ‘ਚ ਅਜੇ ਨਹੀਂ ਲੱਗੇਗਾ ਨਾਈਟ ਕਰਫਿਊ

ਚੰਡੀਗੜ੍ਹ

ਪੰਜਾਬ ਵਿੱਚ ਨਾਈਟ ਕਰਫਿਊ ਲਗਾਉਣ ਦੀਆਂ ਖ਼ਬਰਾਂ ਦਾ ਸਿਹਤ ਮੰਤਰੀ OP ਸੋਨੀ ਵਲੋਂ ਖੰਡਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਫ਼ੈਲੇ ਕੋਰੋਨਾ ਦੇ ਨਵੇਂ ਰੂਪ ਨੇ ਜਿੱਥੇ ਫਿਰ ਤੋਂ ਲਾਕਡਾਊਨ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ, ਉਥੇ ਹੀ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ।

ਪੰਜਾਬ ਦੇ ਗੁਆਢੀ ਰਾਜ ਹਰਿਆਣੇ ਵਿੱਚ ਨਾਈਟ ਕਰਫਿਊ ਲੱਗ ਚੁੱਕਿਆ ਹੈ, ਜਦੋਂਕਿ ਪੰਜਾਬ ਵਿੱਚ ਵੀ ਓਮੀਕ੍ਰੋਨ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਚਰਚਾਵਾਂ ਹਨ ਕਿ, ਪੰਜਾਬ ਅੰਦਰ ਵੀ ਨਾਈਟ ਕਰਫਿਊ ਲਗਾਇਆ ਜਾ ਸਕਦਾ ਹੈ।

ਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਵਲੋਂ ਕੋਰੋਨਾ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜੇਕਰ ਓਮੀਕਰੋਨ ਦੇ ਕੇਸ ਆਉਂਦੇ ਹਨ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।

ਕੱਲ ਮੀਟਿੰਗ ‘ਚ ਸਾਰਾ ਜਾਇਜ਼ਾ ਲਿਆ ਗਿਆ ਹੈ ਅਤੇ ਪੰਜਾਬ ‘ਚ ਅਜੇ ਇੱਕ ਵੀ ਕੇਸ ਨਹੀਂ ਹੈ। ਇਸ ਲਈ ਪੰਜਾਬ ‘ਚ ਅਜੇ ਨਾਈਟ ਕਰਫ਼ਿਊ ਨਹੀਂ ਲੱਗੇਗਾ।