ਮੋਦੀ ਨੂੰ ਮਹਿੰਗੀ ਪਵੇਗੀ ਪੰਜਾਬ ਫ਼ੇਰੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਐਲਾਨ,

ਸੰਗਰੂਰ:

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਡੀ ਸੀ ਦਫ਼ਤਰ ਸੰਗਰੂਰ ਅੱਗੇ ਕਿਸਾਨਾਂ ਦਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਅੱਜ ਬਾਰਵੇਂ ਦਿਨ ਕਿਸਾਨਾਂ ਦੇ ਮਸਲਿਆਂ ਨੂੰ ਅਣਸੁਣਿਆ ਕਰਨ ਦੇ ਰੋਸ ਵਜੋਂ ਡੀਸੀ ਦਫ਼ਤਰ ਦੇ ਤਿੰਨੇ ਗੇਟਾਂ ਦਾ ਮੁਕੰਮਲ ਘਿਰਾਓ ਕੀਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ 5 ਜਨਵਰੀ 2022 ਨੂੰ ਮੋਦੀ ਦੀ ਪੰਜਾਬ ਫੇਰੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ। 3 ਅਤੇ 4 ਜਨਵਰੀ 2022 ਨੂੰ ਪਿੰਡਾਂ ‘ਚ ਮੋਦੀ ਸਰਕਾਰ ਵਿਰੁੱਧ ਮੁਜ਼ਾਹਰੇ ਕੀਤੇ ਜਾਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ। ਚੰਨੀ ਸਰਕਾਰ ਨੇ ਮੰਨਿਆ ਕਿ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ ‘ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਅਤੇ 10 % ਮਜ਼ਦੂਰਾਂ ਨੂੰ ਦੇਣਾ, ਘਰ ਘਰ ਪੱਕਾ ਰੁਜ਼ਗਾਰ ਦੇਣਾ, ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਪਾਏ ਪੁਲਿਸ ਕੇਸ ਰੱਦ ਕਰਨੇ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਖ਼ਤਮ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਦੇਣੇ, ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲ੍ਹਾਂ ‘ਚ ਧੱਕਣਾ, 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮੁਆਫ਼ ਕਰਨਾ ਆਦਿ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰ ਰਹੀ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਲੋਕ ਮਾਰੂ ਨੀਤੀਆਂ ਲੋਕਾਂ ‘ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਮੋਦੀ ਹਕੂਮਤ ਨੇ ਚੋਣਾਂ ਤੋਂ ਪਹਿਲਾਂ ਸਮੂਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਕਰੋਨਾ ਦੀ ਆੜ ਹੇਠ ਮਹਿੰਗਾਈ ਵਧਾ ਦਿੱਤੀ ਗਈ। ਭਾਰਤ ਅੰਦਰ ਖੇਤੀ ਤੋਂ ਬਿਨਾਂ ਕੋਈ ਰੁਜ਼ਗਾਰ ਨਹੀਂ ਰਿਹਾ ਪਰ ਸਾਡੇ ‘ਤੇ ਰਾਜ ਕਰਦੀਆਂ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਸਤਾ ਹਥਿਆਉਣ ਲਈ ਵਾਅਦੇ ਤਾਂ ਕਰਦੀਆਂ ਹਨ ਪਰ ਸਤਾ ‘ਤੇ ਕਾਬਜ਼ ਹੋਣ ਪਿੱਛੋਂ ਭੁੱਲ ਜਾਂਦੀਆਂ ਹਨ। ਚੌਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਨ ਸਮੇਂ ਹਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਰੋਸ਼ਨ ਮੂਨਕ, ਮੱਖਣ ਸਿੰਘ ਪਾਪੜਾ, ਸੁਖਪਾਲ ਸਿੰਘ ਮਾਣਕ, ਸਤਨਾਮ ਸਿੰਘ, ਚਰਨਜੀਤ ਸਿੰਘ ਸੰਤਪੁਰਾ, ਚਮਕੋਰ ਸਿੰਘ ਹਥਨ, ਜਸਵੀਰ ਸਿੰਘ ਗੱਗੜਪੁਰ, ਦਰਸ਼ਨ ਸਿੰਘ ਧੂਰੀ, ਗੋਬਿੰਦਰ ਸਿੰਘ ਮੰਗਵਾਲ ਅਤੇ ਅਮਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।