ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਲਈ ਚੰਨੀ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰੇਗੀ : ਸੁਖਬੀਰ ਸਿੰਘ ਬਾਦਲ

ਬੱਲੂਆਣਾ, 3 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਹੁੰਦਿਆਂ ਝੂਠੇ ਇਸ਼ਤਿਹਾਰ ਦੇਣ ਲਈ ਜਨਤਕ ਫੰਡਾਂ ਦੀ ਦੁਰਵਰਤੋਂ ਕਰ ਕੇ ਧੋਖਾਧੜੀ ਕਰਨ ਦਾ ਕੇਸ ਦਰਜ ਕਰੇਗੀ। 


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੱਲੂਆਣਾ ਤੋਂ ਉਮੀਦਵਾਰ ਹਰਦੇਵ ਸਿੰਘ ਮੇਘ ਦੇ ਹੱਕ ਵਿਚ ਵਿਸ਼ਾਲ ਸਮਾਗਮਾਂ ਨੂੰ ਸੰਬੋਧਨ ਕਰਨ ਤੇ ਪ੍ਰਭਾਵਸ਼ਾਲੀ ਰੋਡ ਸ਼ੋਅ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 


ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਦਾ ਅਪਰਾਧ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਠੇਕੇ ’ਤੇ ਕੰਮ ਕਰਦੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਇਸ਼ਤਿਹਾਰ ਦੇ ਕੇ ਅਪਰਾਧ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਦਾਅਵਾ ਕਰ ਕੇ ਧੋਖਾ ਕੀਤਾ ਹੈ ਕਿ ਸੂਬੇ ਦੇ ਰਾਜਪਾਲ ਵੱਲੋਂ ਠੇਕਾ ਮੁਲਾਜ਼ਮਾਂ ਨੁੰ ਰੈਗੂਲਰ ਕਰਨ ਦੀ ਫਾਈਲ ਪਾਸ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਬੰਧਤ ਫਾਈਲ ਮੁੱਖ ਮੰਤਰੀ ਦਫਤਰ ਵਿਚ ਪਈ ਹੈ। 


ਸਰਦਾਰ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਰਦਾਰ ਚੰਨੀ ਅਜਿਹੀਆਂ ਘਟੀਆਂ ਤਰਕੀਬਾਂ ਨਾਲ ਮੁਲਾਜ਼ਮਾਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਰਾਜਪਾਲ ਨੇ ਹੀ ਮੁੱਖ ਮੰਤਰੀ ਨੁੰ ਬੇਨਕਾਬ ਕਰ ਦਿੱਤਾ ਹੈ ਤੇ ਦੱਸ ਦਿੱਤਾ ਹੈ ਕਿ ਫਾਈਲ ਮੁੱਖ ਮੰਤਰੀ ਦਫਤਰ ਵਿਚ ਹੈ ਤੇ ਉਹ 31 ਦਸੰਬਰ ਤੋਂ ਹੁਣ ਤੱਕ ਸਪਸ਼ਟੀਕਰਨ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਚੰਨੀ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਤਾਂ ਉਹਨਾਂ ਨੁੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। 


ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਠੇਕੇ ’ਤੇ ਕੰਮ ਕਰਦੇ ਸਾਰੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਜਲਦੀ ਤੋਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਵੀ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸ ਸੰਬੰਧ ਵਿਚ ਬਿੱਲ ਪਾਸ ਕੀਤਾ ਗਿਆ ਸੀ ਪਰ ਕਾਂਗਰਸ ਨੇ ਸ਼ਰਾਰਤ ਕਰਦਿਆਂ ਇਕ ਜਨ ਹਿੱਤ ਪਟੀਸ਼ਨ ਪੁਆ ਕੇ ਇਸ ਕੰਮ ਨੂੰ ਠੱਪ ਕਰ ਦਿੱਤਾ ਤੇ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਹਾਈ ਕੋਰਟ ਵਿਚ ਇਹ ਕਿਹਾ ਗਿਆ ਕਿ ਸਰਕਾਰ ਇਹ ਬਿੱਲ ਵਾਪਸ ਲਵੇਗੀ। ਪਰ ਅਜਿਹਾ ਕਦੇ ਨਹੀਂ ਕੀਤਾ ਗਿਆ ਤੇ ਹੁਣ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਾਸਤੇ ਇਕ ਹੋਰ ਬਿੱਲ ਪਾਸ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਵਾਸਤੇ ਰਾਜਪਾਲ ਨੇ ਸਪਸ਼ਟੀਕਰਨ ਮੰਗਿਆ ਹੈ ਕਿਉਂਕਿ ਪਹਿਲੇ ਬਿੱਲ ਦਾ ਕੇਸ ਅਦਾਲਤ ਵਿਚ ਪੈਂਡਿੰਗ ਪਿਆ ਹੈ। 


ਜਦੋਂ ਉਹਨਾਂ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਹੋਰ ਲਾਭ ਦੇ ਕੀਤੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ’ਤੇ ਹੁਣ ਕੋਈ ਇਤਬਾਰ ਨਹੀਂ ਕਰੇਗਾ ਕਿਉਂਕਿ ਪਹਿਲਾਂ ਉਹ ਆਖਦੇ ਸਨ ਕਿ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਨੁੰ ਦਿੱਤੀਆਂ ਸਹੂਲਤਾਂ ਲੋਲੀਪੋਪ ਹਨ। ਉਹਨਾਂ ਕਿਹਾ ਕਿ ਹੁਣ ਸਿੱਧੂ ਵੱਡੇ ਐਲਾਨ ਕਰਨ ਵਿਚ ਮੁੱਖ ਮੰਤਰੀ ਨਾਲ ਮੁਕਾਬਲਾ ਕਰ ਰਹੇ ਹਨ ਜਦੋਂ ਕਿ ਉਹ ਜਾਣਦੇ ਹਨ ਕਿ ਇਹ ਵੱਡੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਕੀ ਪਹਿਲਾਂ ਸਿੱਧੂ ਸੁੱਤਾ ਪਿਆ ਸੀ ? ਪੰਜਾਬੀ ਕਦੇ ਵੀ ਉਸ ’ਤੇ ਵਿਸ਼ਵਾਸ ਨਹੀਂ ਕਰਨਗੇ। 


ਇਸ ਤੋਂ ਪਹਿਲਾਂ ਲੋਕਾਂ ਨੁੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਦਿੱਲੀ ਵਿਚ ਕਿਸੇ ਵੀ ਮਹਿਲਾ ਨੁੰ ਇਕ ਰੁਪਿਆ ਤੱਕ ਨਹੀਂ ਦਿੱਤਾ ਜਦੋਂ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੀਆਂ ਮਹਿਲਾਵਾਂ ਨਾਲ ਠੱਗੀ ਮਾਰਨ ਦਾ ਯਤਨ ਕਰ ਰਹੇ ਨ। ਉਹਨਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਵਿਚ ਸ਼ਰਤਾਂ ਸਖ਼ਤ ਹੋਣ ਕਾਰਨ ਲੋਕਾਂ ਨੁੰ 200 ਯੂਨਿਟ ਬਿਜਲੀ ਮੁਆਫੀ ਦਾ ਲਾਭ ਨਹੀਂ ਮਿਲ ਸਕਿਆ।


ਸਰਦਾਰ ਬਾਦਲ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਤਿੱਖੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਨਾ ਸਿਰਫ ਮੌਕਾਪ੍ਰਸਤੀ ਵਿਖਾ ਰਹੇ ਹਨ ਪਰ ਬਲਕਿ ਭਾਜਪਾ ਵਿਚ ਸ਼ਾਮਲ ਹੋ ਕੇ ਕਿਸਾਨ ਅੰਦੋਲਨ ਦੇ 800 ਸ਼ਹੀਦਾਂ ਦਾ ਅਪਮਾਨ ਵੀ ਕਰ ਰਹੇ ਹਨ। 


ਹਲਕੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿੰਜਾਈ ਸਬੰਧੀ ਸਾਰੀਆਂ ਸਹੂਲਤਾਂ ਅਕਾਲੀ ਦਲ ਬਸਪਾ ਗਠਜੋੜ ਸਰਕਾਰ ਦੇ ਬਣਨ ਮਗਰੋਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਸੂਇਆਂ ਵਿਚ ਨਹਿਰਾਂ ਤੋਂ ਪਾਣੀ ਸਹੀ ਤਰੀਕੇ ਸਿਰੇ ਨਹੀਂ ਪਹੁੰਚਦਾ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀ ਕੀਮਤ ’ਤੇ ਕਿਸਾਨਾਂ ਲਈ ਅੰਡਰ ਗਰਾਉਂਡ ਪਾਈਪਾਂ ਪਾ ਕੇ ਇਹ ਮੁਸ਼ਕਿਲ ਹੱਲ ਕਰਾਂਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੀਆਂ ਸੜਕਾਂ ਪੱਕੀਆਂ ਬਣਾਈਆਂ ਜਾਣਗੀਆਂ ਤੇ ਖਾਲੇ ਵੀ ਪੱਕੇ ਕੀਤੇ ਜਾਣਗੇ ਤੇ ਗਲੀਆਂ ਦੀਆਂ ਲਾਈਟਾਂ ਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਪਿੰਡਾਂ ਵਿਚ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਰ ਓ ਸਿਸਟਮ ਤੇ ਸੇਵਾ ਕੇਂਦਰ ਮੁੜ ਸ਼ੁਰੂ ਕਰਾਂਗੇ ਤੇ ਨਾਲ ਹੀ ਸਪੋਰਟਸ ਕਿੱਟਾਂ ਦੀ ਵੰਡ ਮੁੜ ਸ਼ੁਰੂ ਕਰਾਂਗੇ ਤੇ ਗਰੀਬ ਤਬਕੇ ਦੀਆਂ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਪ੍ਰਦਾਨ ਕਰਾਂਗੇ।