Breaking: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ‘ਤੇ ਜਾਨਲੇਵਾ ਹਮਲਾ

ਪਾਕਿਸਤਾਨ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਰੇਹਮ ਖਾਨ ਦੀ ਕਾਰ ‘ਤੇ ਉਸ ਸਮੇਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਦੋਂ ਉਹ ਵਿਆਹ ‘ਚ ਸ਼ਾਮਲ ਹੋ ਕੇ ਘਰ ਪਰਤ ਰਹੀ ਸੀ। ਰੇਹਮ ਖਾਨ ਨੇ ਖੁਦ ਆਪਣੇ ਟਵਿਟਰ ਅਕਾਊਂਟ ਤੋਂ ਦੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਰੇਹਮ ਖਾਨ ਨੇ ਆਪਣੇ ਪਹਿਲੇ ਟਵੀਟ ‘ਚ ਲਿਖਿਆ ਕਿ ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਰਾਤ ਨੂੰ ਘਰ ਪਰਤ ਰਹੀ ਸੀ। ਇਸ ਦੌਰਾਨ ਬਾਈਕ ‘ਤੇ ਸਵਾਰ ਦੋ ਵਿਅਕਤੀਆਂ ਨੇ ਮੇਰੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਬੰਦੂਕ ਦੀ ਨੋਕ ‘ਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੌਰਾਨ ਸੁਰੱਖਿਆ ਮੁਲਾਜ਼ਮ ਅਤੇ ਡਰਾਈਵਰ ਵੀ ਕਾਰ ‘ਚ ਮੌਜੂਦ ਸਨ। ਮੈਂ ਆਪਣੀ ਕਾਰ ਬਦਲ ਲਈ। ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਡਰਪੋਕ, ਠੱਗਾਂ ਅਤੇ ਲਾਲਚੀ ਲੋਕਾਂ ਦੇ ਰਾਜ ਵਿੱਚ ਤੁਹਾਡਾ ਸੁਆਗਤ ਹੈ।ਇਸ ਤੋਂ ਇਲਾਵਾ ਰੇਹਮ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਮੈਂ ਇੱਕ ਆਮ ਪਾਕਿਸਤਾਨੀ ਦੀ ਤਰ੍ਹਾਂ ਪਾਕਿਸਤਾਨ ਵਿੱਚ ਜੀਣਾ ਅਤੇ ਮਰਨਾ ਚਾਹੁੰਦੀ ਹਾਂ। ਮੇਰੇ ‘ਤੇ ਕਾਇਰਤਾ ਭਰਿਆ ਹਮਲਾ ਹੋਵੇ ਜਾਂ ਸੜਕ ਦੇ ਵਿਚਕਾਰ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਕਥਿਤ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੈਂ ਆਪਣੇ ਦੇਸ਼ ਲਈ ਗੋਲੀ ਖਾਣ ਨੂੰ ਵੀ ਤਿਆਰ ਹਾਂ। ਮੈਂ ਮੌਤ/ਸੱਟ ਤੋਂ ਬਿਲਕੁਲ ਨਹੀਂ ਡਰਦੀ, ਪਰ ਮੈਂ ਉਹਨਾਂ ਲੋਕਾਂ ਲਈ ਚਿੰਤਤ ਹਾਂ ਜੋ ਮੇਰੇ ਲਈ ਕੰਮ ਕਰਦੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਿਟਿਸ਼ ਪਾਕਿਸਤਾਨੀ ਮੂਲ ਦੀ ਪੱਤਰਕਾਰ ਰੇਹਮ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੂਜੀ ਪਤਨੀ ਸੀ। ਵਿਆਹ ਦੇ ਇਕ ਸਾਲ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਪੀਐਮ ਇਮਰਾਨ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ ‘ਤੇ ਇਮਰਾਨ ਸਰਕਾਰ ਦੀ ਆਲੋਚਨਾ ਕਰ ਚੁੱਕੀ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਵਧਦੇ ਰੇਪ ਦੇ ਮਾਮਲਿਆਂ ‘ਚ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇਮਰਾਨ ਖਾਨ ਦੇ ਵਿਵਾਦਿਤ ਬਿਆਨ ਨੂੰ ਰੇਹਮ ਖਾਨ ਨੇ ਪਾਖੰਡ ਕਰਾਰ ਦਿੱਤਾ ਸੀ। ਰੇਹਮ ਖਾਨ ਨੇ ਇਮਰਾਨ ਖਾਨ ਨੂੰ “ਬਲਾਤਕਾਰ ‘ਤੇ ਹਮੇਸ਼ਾ ਮੁਆਫੀ ਮੰਗਣ ਵਾਲਾ” ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਔਰਤਾਂ ਬਾਰੇ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫੀ ਮੰਗਣ। ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਇਕ ਹੋਰ ਪਤਨੀ ਜੇਮਿਮਾ ਗੋਲਡਸਮਿਥ ਨੇ ਵੀ ਕੁਰਾਨ ਦਾ ਹਵਾਲਾ ਦੇ ਕੇ ਇਮਰਾਨ ਖਾਨ ਨੂੰ ਰਗੜੇ ਲਾਏ ਸਨ।

ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਵਧਦੀ ਅਸ਼ਲੀਲਤਾ ਲਈ ਭਾਰਤ ਅਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਖਾਨ ਨੇ ਜਨਤਾ ਨਾਲ ਸਿੱਧੀ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਦੇਸ਼ ‘ਚ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ। ਇਮਰਾਨ ਖਾਨ ਨੇ ਕਿਹਾ, ‘ਸਾਨੂੰ ਪਰਦਾ ਪ੍ਰਥਾ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਹੋਵੇਗਾ ਤਾਂ ਜੋ ਪਰਤਾਵੇ ਤੋਂ ਬਚਿਆ ਜਾ ਸਕੇ।’