ਬਹਿਬਲ ਗੋਲੀ ਕਾਂਡ : ਮੁਲਜ਼ਮਾਂ ਦੀਆਂ ਅਰਜ਼ੀਆਂ ਖ਼ਾਰਜ, ਅਗਲੀ ਸੁਣਵਾਈ 18 ਜਨਵਰੀ ਨੂੰ

ਫਰੀਦਕੋਟ : ਬਹਿਬਲ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਵੱਲੋਂ ਕੇਸ ਦੀ ਸੁਣਵਾਈ ਰੋਕਣ ਸਬੰਧੀ ਦਿੱਤੀਆਂ ਚਾਰ ਅਰਜ਼ੀਆਂ ਸਥਾਨਕ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਰੱਦ ਕਰਨ ਦਾ ਹੁਕਮ ਦਿੱਤਾ ਹੈ।

ਮੁਲਜ਼ਮਾਂ ਨੇ ਅਰਜ਼ੀ ਵਿਚ ਮੰਗ ਕੀਤੀ ਸੀ ਕਿ ਜਿੰਨਾ ਚਿਰ ਸੁਮੇਧ ਸੈਣੀ ਅਦਾਲਤ ਵਿਚ ਪੇਸ਼ ਨਹੀਂ ਹੁੰਦੇ, ਓਨਾ ਚਿਰ ਬਾਕੀ ਮੁਲਜ਼ਮਾਂ ਖਿਲਾਫ਼ ਸੁਣਵਾਈ ਰੋਕੀ ਜਾਵੇ। ਦੂਜੀ ਅਰਜ਼ੀ ਵਿਚ ਬਹਿਬਲ ਗੋਲੀ ਕਾਂਡ ਵਾਲੇ ਦਿਨ ਪੁਲਿਸ ਉੱਪਰ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਕ ਹੋਰ ਅਰਜ਼ੀ ਵਿਚ ਕਿਹਾ ਗਿਆ ਸੀ ਕਿ ਵਿਸ਼ੇਸ਼ ਜਾਂਚ ਟੀਮ ਪੁਲਿਸ ’ਤੇ ਹਮਲਾ ਹੋਣ ਸਬੰਧੀ ਦਰਜ ਹੋਏ ਕੇਸ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕਰੇ। ਅਦਾਲਤ ਨੇ ਮੁਲਜ਼ਮਾਂ ਦੀਆਂ ਅਰਜ਼ੀਆਂ ਨੂੰ ਬੇਲੋਡ਼ੀਆਂ ਤੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰਨ ਦਾ ਹੁਕਮ ਦਿੱਤਾ ਤੇ ਸੁਣਵਾਈ 18 ਜਨਵਰੀ ਮੁਕੱਰਰ ਕੀਤੀ ਹੈ। ਇਹ ਅਰਜ਼ੀਆਂ ਰੱਦ ਹੋਣ ਨਾਲ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਲਈ ਕਾਨੂੰਨੀ ਤੌਰ ’ਤੇ ਅਡ਼ਚਣਾਂ ਦੂਰ ਹੋ ਗਈਆਂ ਹਨ। ਇਸੇ ਤਰ੍ਹਾਂ ਬੇਅਦਬੀ ਕਾਂਡ ਨਾਲ ਜੁਡ਼ੇ 3 ਮਾਮਲਿਆਂ ਦੀ ਸੁਣਵਾਈ ਵੀ ਡਵੀਜ਼ਨਲ ਮੈਜਿਸਟ੍ਰੇਟ ਮਿਸ ਤਰਜਨੀ ਦੀ ਅਦਾਲਤ ਵਿਚ ਹੋਣੀ ਸੀ ਪਰ ਸੁਣਵਾਈ ਨਹੀਂ ਹੋ ਸਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰਨ ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਦੀ ਸੁਣਵਾਈ ਅਦਾਲਤ ਨੇ 11 ਜਨਵਰੀ ਤਕ ਮੁਲਤਵੀ ਕਰ ਦਿੱਤੀ ਜਦੋਂਕਿ ਪਵਿੱਤਰ ਸਰੂਪ ਚੋਰੀ ਕਰਨ ਦੇ ਮਾਮਲੇ ਦੀ ਸੁਣਵਾਈ 2 ਫਰਵਰੀ ਨੂੰ ਹੋਵੇਗੀ।