CM ਦੀਆਂ ਚਾਲਾਂ ਨੂੰ ਸਮਝਦੀ ਹੈ ਭਾਜਪਾ, ਚੰਨੀ ਦੇ ਘਰ ਵੜ ਕੇ ਦੇਵਾਂਗੇ ਜਵਾਬ : ਮੀਨਾਕਸ਼ੀ ਲੇਖੀ

ਫਿਰੋਜ਼ਪੁਰ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਅਤੇ ਕੇਂਦਰ ਦੀ ਸਿਆਸਤ ਦਰਮਿਆਨ ਚੱਲ ਰਹੀ ਸ਼ਹਿ ਤੇ ਮਾਤ ਦੀ ਖੇਡ ਕਾਰਨ ਪ੍ਰਧਾਨ ਮੰਤਰੀ ਦੇ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਨਾਲ ਜਿੱਥੇ 42 ਹਜ਼ਾਰ ਕਰੋਡ਼ ਰੁਪਏ ਤੋਂ ਵੱਧ ਦੇ ਸੂਬਾਈ ਪ੍ਰੋਜੈਕਟ ਹਾਲ ਦੀ ਘਡ਼ੀ ਮੁਲਤਵੀ ਹੋ ਗਏ ਹਨ, ਉਥੇ ਪੀਐੱਮ ਦੀ ਸੁਰੱਖਿਆ ’ਚ ਹੋਈ ਕੁਤਾਹੀ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਉਣ ਦਾ ਵੱਡਾ ਕਾਰਨ ਬਣ ਸਕਦੀ ਹੈ। ਇਸ ਸਬੰਧੀ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਬੁਲਾਰਿਆਂ ਨੇ ਸਾਫ਼ ਆਖਿਆ ਕਿ ਸੂਬੇ ਦੇ ‘ਅਮਨ ਕਾਨੂੰਨ’ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਅਜਿਹੇ ਵਿਚ ਨਿਰਪੱਖ ਚੋਣ ਕਰਵਾਉਣੀ ਸੰਭਵ ਨਹੀਂ ਹੈ।

ਦੇਰ ਸ਼ਾਮ ਫ਼ਿਰੋਜ਼ਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂਆਂ ਨੇ ਬਡ਼ੇ ਗੁੱਸੇ ਅਤੇ ਨਾਰਾਜ਼ਗੀ ਭਰੇ ਅੰਦਾਜ਼ ਵਿਚ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੰਜਾਬ ਵਿਚ ਵਾਪਰੀ ਇਸ ਘਟਨਾ ਨੇ ਲੋਕਤੰਤਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਸਾਰ ਕਰ ਦਿੱਤਾ ਹੈ। ਚੰਨੀ ਸਰਕਾਰ ਦੀ ਅਜਿਹੀ ਸਾਜ਼ਿਸ਼ ਪੰਜਾਬ ਦੇ ਸੁਨਹਿਰੀ ਇਤਿਹਾਸ ਲਈ ਗੰਭੀਰ ਖ਼ਤਰਾ ਹੈ। ਲੇਖੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਤੁਹਾਡੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਖੂਬ ਚੰਗੀ ਤਰ੍ਹਾਂ ਸਮਝਦੀ ਹੈ। ਭਾਜਪਾ ਜਵਾਬ ਦੇਣਾ ਵੀ ਚੰਗੀ ਤਰ੍ਹਾਂ ਜਾਣਦੀ ਹੈ ਤੇ ਉਨ੍ਹਾਂ ਦੇ ਘਰ ਵਡ਼ ਕੇ ਜੁਆਬ ਦਿੱਤਾ ਜਾਏਗਾ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਜਾਣ-ਬੁੱਝ ਕੇ ਕੁਤਾਹੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾਇਆ ਹੈ। ਅਸ਼ਵਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਦਾ ਪ੍ਰੋਟੋਕੋਲ ਤੇ ਜ਼ਿੰਮੇਵਾਰੀ ਰਾਜ ਸਰਕਾਰ ਅਤੇ ਉਨ੍ਹਾਂ ਦੀ ਪੁਲਿਸ ਦੀ ਹੈ, ਜਿਸ ਨੂੰ ਮੁੱਖ ਮੰਤਰੀ ਚੰਨੀ ਤੇ ਪੁਲਿਸ ਨੇ ਨਜ਼ਰਅੰਦਾਜ਼ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਅਸਲ ਵਿਚ ਰੈਲੀ ਵਾਲੀ ਥਾਂ ’ਤੇ ਗਏ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ‘ਕਥਿਤ ਕਿਸਾਨਾਂ’ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਰੋਕਿਆ ਅਤੇ ਧੱਕਾ-ਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਦਿਆਲ ਸਿੰਘ ਸੋਢੀ, ਰਾਣਾ ਗੁਰਮੀਤ ਸਿੰਘ ਸੋਢੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਵੀ ਹਾਜ਼ਰ ਸਨ।