ਲੜਕੀਆਂ ਦੇ ਲਗਾਈ ਐਚ.ਪੀ.ਵੀ. ਵੈਕਸੀਨ ਦੀ ਦੂਜੀ ਡੋਜ਼

ਮਾਨਸਾ 6 ਜਨਵਰੀ : ਗੁਰਜੰਟ ਸਿੰਘ ਬਾਜੇਵਾਲੀਆ/ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਦੀ ਦੂਜੀ ਡੋਜ਼ ਦੀ ਜ਼ਿਲ੍ਹੇ ਅੰਦਰ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਵੈਕਸੀਨ ਉਨ੍ਹਾਂ ਲੜਕੀਆਂ ਦੇ ਲਗਾਈ ਜਾ ਰਹੀ ਹੈ, ਜੋ 2017 ਵਿੱਚ ਛੇਵੀਂ ਜਮਾਤ ਵਿੱਚ ਸਰਕਾਰੀ ਜਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਐਚ.ਪੀ.ਵੀ. ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਸਿਰਫ ਉਨ੍ਹਾਂ ਲੜਕੀਆਂ ਨੂੰ ਹੀ ਐਚ.ਪੀ.ਵੀ. ਦੀ ਦੂਸਰੀ ਖੁਰਾਕ ਲਗਾਈ ਜਾ ਰਹੀ ਹੈ। 
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੜਕੀਆਂ ਦੇ ਪਹਿਲੀ ਖੁਰਾਕ ਲੱਗ ਚੁੱਕੀ ਹੈ, ਉਹ ਆਪਣੇ ਨੇੜੇ ਦੀ ਸਿਹਤ ਸੰਸਥਾਵਾਂ ਜਿਵੇਂ ਸਰਕਾਰੀ ਹਸਪਤਾਲ ਮਾਨਸਾ, ਸਰਕਾਰੀ ਹਸਪਤਾਲ ਸਰਦੂਲਗੜ੍ਹ, ਸਰਕਾਰੀ ਹਸਪਤਾਲ ਝੁਨੀਰ, ਸਰਕਾਰੀ ਹਸਪਤਾਲ ਬੁਢਲਾਡਾ, ਬੋਹਾ, ਬਰੇਟਾ, ਖਿਆਲਾਂ ਕਲਾਂ ਅਤੇ ਭੀਖੀ ਤੋਂ ਲਗਵਾ ਸਕਦੀਆਂ ਹੈ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਪਹਿਲੀ ਡੋਜ਼ ਪ੍ਰਾਪਤ ਕਰ ਚੁੱਕੀਆਂ ਲੜਕੀਆਂ, ਜੋ ਹੁਣ ਦਸਵੀਂ ਕਲਾਸ ਵਿਚ ਪੜ੍ਹਦੀਆਂ ਹਨ ਅਤੇ ਕੋਈ ਵੀ ਯੋਗ ਲੜਕੀ ਮੁਫ਼ਤ ਟੀਕਾਕਰਨ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ। 
ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਵਿਸ਼ਵ ਸਿਹਤ ਸੰਗਠਨ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਇਨ੍ਹਾਂ ਸਾਰੀਆਂ ਬੱਚੀਆਂ ਨੂੰ ਸੁਰੱਖਿਅਤ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੈ ਕੁਮਾਰ ਵੱਲੋਂ ਐਚ.ਪੀ.ਵੀ. ਵੈਕਸੀਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੈਕਸੀਨ ਦਾ ਕੋਈ ਵੀ ਮਾੜਾ ਪ੍ਰਭਾਵ ਨਹੀ ਹੈ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ ।