ਮੁਕੇਸ਼ ਅੰਬਾਨੀ ਨੇ ਨਿਊਯਾਰਕ 'ਚ ਖਰੀਦਿਆ ਆਲੀਸ਼ਾਨ 5 ਸਟਾਰ ਹੋਟਲ

ਨਵੀਂ ਦਿੱਲੀ  : ਰਿਲਾਇੰਸ ਇੰਡਸਟਰੀਜ਼ ਨਿਊਯਾਰਕ ਸਥਿਤ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਨੂੰ ਐਕੁਆਇਰ ਕਰਨ ਜਾ ਰਹੀ ਹੈ। ਇਹ ਸੌਦਾ ਕਰੀਬ 9.81 ਕਰੋਡ਼ ਡਾਲਰ (ਲਗਪਗ 729 ਕਰੋਡ਼ ਰੁਪਏ) ’ਚ ਹੋਵੇਗਾ। ਮੈਂਡਰਿਨ ਓਰੀਐਂਟਲ ਆਪਣੇ ਬਾਲਰੂਮ, ਪੰਜ ਸਿਤਾਰਾ ਸਪਾ ਤੇ ਖਾਣ ਪੀਣ ਦੇ ਸਥਾਨਾਂ ਲਈ ਜਾਣਿਆ ਜਾਂਦਾ ਹੈ। ਆਇਰਲੈਂਡ ਦੇ ਅਦਾਕਾਰ ਲਿਆਮ ਨੀਸਨ ਤੇ ਅਮਰੀਕੀ ਅਦਾਕਾਰਾ ਲੂਸੀ ਲਿਯੂ ਇੱਥੇ ਰੈਗੁਲਰ ਆਉਣ ਵਾਲੇ ਮਹਿਮਾਨਾਂ ’ਚ ਸ਼ਾਮਲ ਹਨ। ਰਿਲਾਇੰਸ ਇੰਡਸਟਰੀ ਇਹ ਐਕੁਆਇਰ ਆਪਣੀ ਇਕ ਸਬਸੀਡਿਅਰੀ ਰਾਹੀਂ ਕਰੇਗੀ।

ਮੈਂਡਰਿਨ ਓਰੀਐਂਟਲ ਹੋਟਲ 2003 ’ਚ ਬਣਿਆ ਸੀ। ਇਹ 80 ਕੋਲੰਬਸ ਸਰਕਲ ’ਚ ਸਥਿਤ ਹੈ ਤੇ ਇਸ ਦੀ ਪਛਾਣ ਵੱਕਾਰੀ ਲਗਜ਼ਰੀ ਹੋਟਲਾਂ ’ਚ ਹੈ। ਇਹ ਪ੍ਰਿਸਟੀਨ ਸੈਂਟਲਰ ਪਾਰਕ ਤੇ ਕੋਲੰਬਸ ਸਰਕਰ ਦੇ ਕੋਲ ਹੈ। ਇਸ ਹੋਟਲ ’ਚ 248 ਕਮਰੇ ਤੇ ਸੁਈਟ ਹਨ। ਮੈਂਡਰਿਨ ਓਰੀਐਂਟਲ ਨਿਊਯਾਰਕ 35 ਤੋਂ 54 ਮੰਜ਼ਿਲਾਂ ’ਤੇ ਹੈ।

ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਸ਼ਨਿਚਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ, ‘ਰਿਲਾਇੰਸ ਇੰਡਸਟਰੀਜ਼ ਦੀ ਪੂਰਨ ਮਲਕੀਅਤ ਵਾਲੀ ਸਬਸੀਡਿਅਰੀ ਰਿਲਾਇੰਸ ਇੰਡਸਟਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ (ਆਰਆਈਆਈਐੱਚਐੱਲ) ਨੇ ਕੋਲੰਬਸ ਸੈਂਟਰ ਕਾਰਪੋਰੇਸ਼ਨ ਨਾਲ ਐਕੁਆਇਰ ਲਈ ਸਮਝੌਤਾ ਕੀਤਾ ਹੈ। ਕੇਮੈਨ ਆਈਲੈਂਡ ’ਚ ਸਥਾਪਤ ਇਸ ਕੰਪਨੀ ਕੋਲ ਮੈਂਡਰਿਨ ਓਰੀਐਂਟਲ ਦੀ 73.37 ਫ਼ੀਸਦੀ ਹਿੱਸੇਦਾਰੀ ਹੈ। ਇਹ ਸੌਦਾ 9.81 ਕਰੋਡ਼ ਡਾਲਰ ਤੋਂ ਵੱਧ ’ਚ ਹੋਵੇਗਾ।’ ਕੰਪਨੀ ਨੇ ਕਿਹਾ ਕਿ ਹੋਟਲ ’ਚ ਹਿੱਸੇਦਾਰੀ ਰੱਖਣ ਵਾਲੇ ਹੋਰ ਹਿੱਸੇਦਾਰਾਂ ਦੇ ਵਿਕਰੀ ਪ੍ਰਕਿਰਿਆ ’ਚ ਸ਼ਾਮਲ ਹੋਣ ’ਤੇ ਆਰਆਈਆਈਐੱਚਐੱਲ ਇਸ ’ਚ ਬਾਕੀ 26.63 ਫ਼ੀਸਦੀ ਹਿੱਸੇਦਾਰੀ ਵੀ ਖ਼ਰੀਦੇਗੀ। ਇਕ ਸਾਲ ਤੋਂ ਵੀ ਘੱਟ ਸਮੇਂ ’ਚ ਰਿਲਾਇੰਸ ਵੱਲੋਂ ਕਿਸੇ ਚਰਚਿਤ ਹੋਟਲ ਦਾ ਇਹ ਦੂਜਾ ਐਕੁਆਇਰ ਹੈ। ਪਿਛਲੇ ਸਾਲ ਅਪ੍ਰੈਲ ’ਚ ਰਿਲਾਇੰਸ ਨੇ ਬ੍ਰਿਟੇਨ ’ਚ ਸਟੋਕ ਪਾਰਕ ਲਿਮਟਿਡ ਨੂੰ ਐਕੁਆਇਰ ਕੀਤਾ ਸੀ।