ਮੌਸਮ ਵਿਭਾਗ ਵੱਲੋਂ ਅਲਰਟ ਜਾਰੀ; ਪੰਜਾਬ ‘ਚ ਅਗਲੇ 4-5 ਦਿਨ ਮੌਸਮ ਰਹੇਗਾ ਖ਼ਰਾਬ

ਫਰੀਦਕੋਟ

ਡਿਪਟੀ ਕਮਿਸ਼ਨਰ ਫ਼ਰੀਦਕੋਟ ਹਰਬੀਰ ਸਿੰਘ ਨੇ ਦੱਸਿਆ ਕਿ ਮੌਸਮ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਪੂਰੇ ਰਾਜ ਵਿਚ ਸੰਘਣੀ ਧੁੰਦ ਤੇ ਖਰਾਬ ਮੌਸਮ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਵਿਜ਼ੀਬਿਲਟੀ ਵੀ ਬਹੁਤ ਘੱਟ ਹੋਵੇਗੀ।

ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਅਤਿ ਸੰਘਣੀ ਧੁੰਦ ਅਤੇ ਖਰਾਬ ਮੌਸਮ ਵਿਚ ਲੋੜ ਤੋਂ ਬਿਨਾਂ ਸੜਕਾਂ ਜਾਂ ਘਰਾਂ ਤੋਂ ਬਾਹਰ ਨਾ ਨਿਕਲਣ, ਕਿਉਂਕਿ ਬਹੁਤ ਘੱਟ ਵਿਜ਼ੀਬਿਲਟੀ ਕਾਰਨ ਘਟਨਾਵਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਉਨ੍ਹਾਂ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹੀ ਅਤੇ ਧੀਮੀ ਗਤੀ ਵਿੱਚ ਹੀ ਗੱਡੀਆਂ ਚਲਾਉਣ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰਕੇ ਸਾਵਧਾਨੀਆਂ ਵਰਤ ਕੇ ਹੀ ਇਸ ਖ਼ਰਾਬ ਮੌਸਮ ਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ।