ਬਿਕਰਮ ਮਜੀਠੀਏ ਦਾ ਵੱਡਾ ਬਿਆਨ; ਗਿਣੀ ਮਿੱਥੀ ਸਾਜਿਸ਼ ਤਹਿਤ ਪ੍ਰਧਾਨ PM ਦੀ ਸੁਰੱਖਿਆ ‘ਚ ਹੋਈ ਕੁਤਾਹੀ

ਚੰਡੀਗੜ੍ਹ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲ ਪੁਰਖ ਅਤੇ ਉਹਨਾਂ ਲਈ ਅਰਦਾਸ ਕਰਨ ਵਾਲੇ ਲੱਖਾਂ ਪੰਜਾਬੀਆਂ ਅਤੇ ਨਾਲ ਹੀ ਨਿਆਂਪਾਲਿਕਾ ਤੇ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਕਾਂਗਰਸ ਦੇ ਮੰਤਰੀਆਂ ਸਮੇਤ ਸਿਆਸਤਦਾਨਾਂ ਜਿਹਨਾਂ ਨੇ ਇਹ ਮੰਨਿਆ ਕਿ ਉਹਨਾਂ ਨੂੰ ਝੂਠਾ ਫਸਾਇਆ ਗਿਆ, ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੁਣ ਬਿਲਕੁਲ ਸਪਸ਼ਟ ਹੈ ਕਿ ਮੈਨੁੰ ਕਾਂਗਰਸ ਸਰਕਾਰ ਅਤੇ ਇਸਦੀ ਸਿਖ਼ਰਲੀ ਲੀਡਰਸ਼ਿਪ ਦੀ ਬਦਲਾਖੋਰੀ ਦੀ ਨੀਤੀ ਤਹਿਤ ਨਿਸ਼ਾਨਾ ਬਣਾਇਆ ਗਿਆ।

ਬਿਕਰਮ ਸਿੰਘ ਮਜੀਠੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ੍ਹ ਉਹਨਾਂ ਨੂੰ ਅੰਤਰਿਮ ਜ਼ਮਾਨਤ ਦੇਣ ਅਤੇ ਉਹਨਾਂ ਦੀ ਗ੍ਰਿਫਤਾਰੀ ’ਤੇ ਰੋਕ ਲਾਉਣ ਬਾਰੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਮੰਤਰੀ, ਜਿਹਨਾਂ ਨੇ ਆਪਣੇ ਵਕੀਲਾਂ ਦੇ ਨਾਲ ਨਾਲ ਮਜੀਠਾ ਹਲਕੇ ਅਤੇ ਮਾਝੇ ਦੇ ਲੋਕਾਂ ਦੇ ਨਾਲ ਨਾਲ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਭਾਵੇਂ ਕਾਗਰਸ ਸਰਕਾਰ ਨੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਵਾਸਤੇ ਸਾਜ਼ਿਸ਼ਾਂ ਰਚੀਆਂ ਤੇ ਧਮਕੀਆਂ ਵੀ ਦਿੱਤੀਆਂ ਤੇ ਲਾਲਚ ਵੀ ਦਿੱਤੇ ਪਰ ਇਸਦੇ ਬਾਵਜੂਦ ਸੱਚਾਈ ਦੀ ਜਿੱਤ ਹੋਈ ਹੈ। ਉਹਨਾਂ ਨੇ ਸੂਬਾ ਪੁਲਿਸ ਮੁਖੀ, ਐਸ ਐਸ ਪੀ ਤੇ ਅਨੇਕਾਂ ਹੋਰ ਪੁਲਿਸ ਅਫਸਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਮੁੱਖ ਮੰਤਰੀ ਚੰਨੀ ਦੀਆਂ ਗੈਰ ਕਾਨੁੰਨੀ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤੇ ਸਰਕਾਰ ਦੇ ਗੈਰ ਕਾਨੁੰਨੀ ਹੁਕਮ ਮੰਨਣ ਦੀ ਥਾਂ ਆਪਣੇ ਅਹੁਦੇ ਛੱਡ ਦੇਣ ਨੁੰ ਤਰਜੀਹ ਦਿੱਤੀ। ਉਹਨਾਂ ਨੇ ਕਾਂਗਰਸ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਭਾਜਪਾ ਤੇ ਆਪ ਦੇ ਸੀਨੀਅਰ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਅਤੇ ਉਹਨਾਂ ਦੇ ਘਰ ਆ ਕੇ ਵੀ ਇਹ ਕਿਹਾ ਕਿ ਉਹਨਾਂ ਨੂੰ ਗਲਤ ਫਸਾਇਆ ਗਿਆ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਕਾਂਗਰਸ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ’ਤੇ ਧਿਆਨ ਕਾਇਮ ਰੱਖਣ ਦੇ ਫੈਸਲੇ ਕਾਰਨ ਬਹੁਤ ਸੰਤਾਪ ਹੰਢਾਇਆ ਹੈ। ਉਹਨਾਂ ਕਿਹਾ ਕਿ ਸੁਬੇ ਦੇ ਇਤਿਹਾਸ ਵਿਚ ਕਦੇ ਵੀ ਇੰਨੇ ਥੋੜ੍ਹੇ ਜਿਹੇ ਸਮੇਂ ਵਿਚ ਤਿੰਨ ਡੀ ਜੀ ਪੀ ਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਚਾਰ ਡਾਇਰੈਕਟਰ ਬਦਲੇ ਨਹੀਂ ਗਏ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਝੂਠੇ ਕੇਸ ਵਿਚ ਫਸਾਉਣ ਵਾਸਤੇ ਰੋਜ਼ਾਨਾ ਆਧਾਰ ’ਤੇ ਮੀਟਿੰਗਾਂ ਕੀਤੀਆਂ। ਉਹਨਾਂ ਕਿਹਾ ਕਿ ਸਰਕਾਰ ਤਾਂ ਖਿੱਤੇ ਵਿਚ ਨਸ਼ੇ ਦੇ ਮਾਮਲੇ ’ਤੇ ਪੀ ਆਈ ਐਲ (ਜਨਤਕ ਹਿੱਤ ਪਟੀਸ਼ਨ) ਦੀ ਸੁਣਵਾਈ ਤੋਂ ਵੀ ਭੱਜ ਗਏ ਤੇ ਮੇਰੇ ਖਿਲਾਫ ਝੁਠਾ ਕੇਸ ਡੀ ਜੀ ਪੀ ਸਿਧਾਰਥ ਚਟੋਪਾਧਿਆਏ, ਜਿਹਨਾਂ ਨੁੰ ਇਸ ਮਕਸਦ ਵਾਸਤੇ ਵਿਸ਼ੇਸ਼ ਤੌਰ ’ਤੇ ਲਿਆਂਦਾ ਗਿਆ, ਦੇ ਹੁਕਮਾਂ ’ਤੇ ਦਰਜ ਕਰ ਦਿੱਤਾ।

ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੁਲਿਸ ਫੋਰਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਉਦੋਂ ਵੇਖਣ ਨੁੰ ਮਿਲਿਆ ਜਦੋਂ ਇਸੇ ਡੀ ਜੀ ਪੀ ਚਟੋਪਾਧਿਆਏ ਨੇ ਹਾਲ ਹੀ ਵਿਚ ਫਿਰੋਜ਼ਪੁਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਨਾਲ ਸਮਝੌਤਾ ਕਰਦਿਆਂ ਕਲੀਅਰੰਸ ਦਿੱਤੀ। ਉਹਨਾਂ ਕਿਹਾ ਕਿ ਇਹ ਪਹਿਲਾਂ ਤੋਂ ਗਿਣੀ ਮਿਥੀ ਸਾਜ਼ਿਸ਼ ਸੀ ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰਚੀ ਗਈ ਜਿਸ ਵਿਚ ਮੁੱਖ ਮੰਤਰੀ ਆਪ ਦੇ ਗ੍ਰਹਿ ਮੰਤਰੀ ਮੁੱਖ ਸਾਜ਼ਿਸ਼ਕਾਰ ਹਨ।

ਉਹਨਾਂ ਕਿਹਾ ਕਿ ਡੀ ਜੀ ਪੀ, ਜਿਹਨਾਂ ਨੁੰ ਅਹੁਦੇ ਲਈ ਯੋਗ ਨਾ ਹੋਣ ਦੇ ਬਾਵਜੂਦ 20 ਦਿਨਾਂ ਵਾਸਤੇ ਇਹ ਅਹੁਦਾ ਦਿੱਤਾ ਗਿਆ, ਨੇ ਪੰਜਾਬ ਦਾ ਆਪਣੀਆਂ ਗੈਰ ਜ਼ਿੰਮੇਵਾਰਾਨਾਂ ਕਾਰਵਾਈਆਂ ਨਾਲ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਨੁੰ ਅਣਡਿੱਠ ਕਰਨ ਅਤੇ ਇਸਦੀ ਜ਼ਿੰਮੇਵਾਰੀ ਚੁੱਕਣ ਤੋਂ ਵੀ ਨਾਂਹ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਅਸੀਂ ਵੇਖਿਆ ਹੈ ਕਿ ਕਿਵੇੇਂ ਜਿਹੜੇ ਵਿਅਕਤੀ ਹਾਰ ਪਾਉਣ ਆਏ ਸਨ, ਉਹਨਾਂ ਨੇ ਹੀ ਸਾਬਕਾ ਪ੍ਰਧਾਨ ਮੰਤੀਰ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ।

ਮਜੀਠੀਆ ਨੇ ਇਹ ਸਪਸ਼ਟ ਕੀਤਾ ਕਿ ਉਹ ਹਮੇਸ਼ਾ ਮਾਣਯੋਗ ਅਦਾਲਤਾਂ ਦੇ ਹੁਕਮਾਂ ਤੇ ਨਿਆਂਇਕ ਪ੍ਰਕਿਰਿਆ ਅਨੁਸਾਰ ਚਲਦੇ ਆਏ ਹਨ ਤੇ ਚਲਦੇ ਰਹਿਣਗੇ। ਉਹਨਾਂ ਕਿਹਾ ਕਿ ਮੈਂ ਕਾਨੁੰਨ ਦੀ ਸਰਵਉਚੱਤਾ ਦਾ ਸਤਿਕਾਰ ਕਰਦਾ ਹਾਂ ਤੇ ਪਿਛਲੇ 9 ਸਾਲਾਂ ਤੋਂ ਇਹੀ ਸਟੈਂਡ ਲਿਆ ਹੈ ਜਦੋਂ ਤੋਂ ਮੇਰੇ ਖਿਲਾਫ ਪਹਿਲੀ ਵਾਰ ਇਹ ਦੋਸ਼ ਲਗਾਏ ਗਏ ਸਨ। ਉਹਨਾਂ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕੇਸ ਵਿਚ ਵੀ ਹੋਵੇਗੀ।