ਸੱਟ ਕਾਰਨ ਟੀਮ 'ਚੋਂ ਬਾਹਰ ਚੱਲ ਰਹੇ ਰੋਹਿਤ ਤੇ ਵਿਰਾਟ ਦੀ ਟੈਸਟ ਰੈਂਕਿੰਗ 'ਚ ਤਬਦੀਲੀ ਨਹੀਂ

ਦੁਬਈ  : ਸੱਟ ਕਾਰਨ ਟੀਮ 'ਚੋਂ ਬਾਹਰ ਚੱਲ ਰਹੇ ਰੋਹਿਤ ਸ਼ਰਮਾ ਤੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਕ੍ਰਮਵਾਰ ਪੰਜਵੇਂ ਤੇ ਨੌਵੇਂ ਸਥਾਨ 'ਤੇ ਬਣੇ ਹੋਏ ਹਨ। ਰੋਹਿਤ ਦੇ 781 ਰੇਟਿੰਗ ਅੰਕ ਹਨ ਜਦਕਿ ਕੋਹਲੀ 740 ਅੰਕ ਲੈ ਕੇ ਟਾਪ-10 ਵਿਚ ਬਣੇ ਹੋਏ ਹਨ। ਬੱਲੇਬਾਜ਼ੀ ਸੂਚੀ ਵਿਚ ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ਾਨੇ ਸਿਖਰ 'ਤੇ ਹਨ। ਉਨ੍ਹਾਂ ਦੇ 924 ਅੰਕ ਹਨ। ਇੰਗਲੈਂਡ ਦੇ ਕਪਤਾਨ ਜੋ ਰੂਟ (881) ਤੇ ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ (871) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ।

ਚੌਥੇ ਸਥਾਨ 'ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (862) ਹਨ। ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਇਕ ਸਥਾਨ ਹੇਠਾਂ 13ਵੇਂ ਸਥਾਨ 'ਤੇ ਖਿਸਕ ਗਏ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ 861 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਭਾਰਤੀ ਗੇਂਦਬਾਜ਼ ਟਾਪ-10 ਵਿਚ ਸ਼ਾਮਲ ਨਹੀਂ ਹੈ। ਨਿਊਜ਼ੈਲੈਂਡ ਦੇ ਕਾਇਲ ਜੇਮੀਸਨ ਅੱਠ ਸਥਾਨ ਦੇ ਸੁਧਾਰ ਨਾਲ ਕਰੀਅਰ ਦੀ ਸਰਬੋਤਮ ਤੀਜੀ ਰੈਂਕਿੰਗ 'ਤੇ ਪੁੱਜੇ ਹਨ। ਉਹ ਰਿਚਰਡ ਹੈਡਲੀ (909), ਨੀਲ ਵੈਗਨਰ (859), ਟਿਮ ਸਾਊਥੀ (839) ਤੇ ਟ੍ਰੇਂਟ ਬੋਲਟ (825) ਤੋਂ ਬਾਅਦ ਨਿਊਜ਼ੀਲੈਂਡ ਦੇ ਪੰਜਵੇਂ ਗੇਂਦਬਾਜ਼ ਹਨ ਜਿਨ੍ਹਾਂ ਨੇ 825 ਰੇਟਿੰਗ ਅੰਕ ਹਾਸਲ ਕੀਤੇ ਹਨ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਚੋਟੀ 'ਤੇ ਹਨ। ਅਸ਼ਵਿਨ ਟੈਸਟ ਹਰਫ਼ਨਮੌਲਾ ਦੀ ਰੈਂਕਿੰਗ 'ਚ ਵੀ ਦੂਜੇ ਸਥਾਨ 'ਤੇ ਕਾਇਮ ਹਨ। ਇਸ ਸੂਚੀ ਵਿਚ ਵੈਸਟਇੰਡੀਜ਼ ਦੇ ਜੇਸਨ ਹੋਲਡਰ ਸਿਖ਼ਰ 'ਤੇ ਹਨ। ਹੋਰ ਖਿਡਾਰੀਆਂ ਵਿਚ ਚੌਥੇ ਐਸ਼ੇਜ਼ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜਾ ਲਾਉਣ ਵਾਲੇ ਉਸਮਾਨ ਖਵਾਜਾ ਨੇ 26ਵੇਂ ਸਥਾਨ 'ਤੇ ਪੁੱਜ ਕੇ ਬੱਲੇਬਾਜ਼ੀ ਰੈਂਕਿੰਗ ਵਿਚ ਮੁੜ ਪ੍ਰਵੇਸ਼ ਕੀਤਾ।