ਕੀ ਸੋਨੂੰ ਸੂਦ ਸਿਆਸਤ ਵਿੱਚ ਆਪਣਾ 'ਜਲਵਾ' ਦਿਖਾ ਸਕਣਗੇ ?

ਹਰਜਿੰਦਰ ਸਿੰਘ ਮੌਰੀਆ ( ਨੌਰਥ ਟਾਈਮਜ਼ ਬਿਊਰੋ )

                    ਫਿਲਮ ਜਗਤ ਦੀ ਚਰਚਿਤ ਸ਼ਖਸੀਅਤ ਸੋਨੂੰ ਸੂਦ ਨੇ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉਸ ਮੌਕੇ ਸਾਹਮਣੇ ਆਇਆ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਐਨ ਨਜ਼ਦੀਕ ਹਨ। ਸੋਨੂੰ ਸੂਦ ਨੇ ਭਾਵੇਂ ਖ਼ੁਦ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਹੈ ਪਰ ਉਨ੍ਹਾਂ ਦੀ ਗੱਲ ਤੋਂ ਸਾਫ ਹੈ ਕਿ ਉਨ੍ਹਾਂ ਦੀ ਦਿਲਚਸਪੀ ਹੁਣ ਰਾਜਨੀਤੀ ਵਿੱਚ ਵਧੇਰੇ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਤਾਂ ਨਹੀਂ ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਹਲਕਾ ਮੋਗਾ ਤੋਂ ਚੋਣ ਲੜਨਗੇ।

            ਸੋਨੂੰ ਸੂਦ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਇਹ ਜਗਿਆਸਾ ਵਧ ਗਈ ਹੈ ਕਿ ਆਖਰਕਾਰ ਉਹ ਕਿਸ ਸਿਆਸੀ ਪਾਰਟੀ ਨਾਲ ਜੋਡ਼ਨਗੇ। ਲੋਕ ਇਸ ਗੱਲ ਦਾ ਜਵਾਬ ਲੱਭ ਰਹੇ ਹਨ ਪਰ ਸੋਨੂੰ ਸੂਦ ਨੇ ਕਿਹਾ ਹੈ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਾਰਟੀ ਕਿਹੜੀ ਹੈ?

                 ਲੋਕਾਂ ਵਿਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਸੋਨੂੰ ਸੂਦ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਚੁੱਕੇ ਹਨ। ਸਿਆਸੀ ਜਗਤ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਵਿਚ ਵੋਟਰਾਂ ਵਿਚ ਅਸਮੰਜਸ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਇਨ੍ਹਾਂ ਤਿੰਨਾਂ ਧਿਰਾਂ ਦਾ ਆਪਸੀ ਵਿਚਾਰਧਾਰਕ ਵਿਰੋਧ ਹੈ। ਇਸ ਤਰ੍ਹਾਂ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਸੋਨੂੰ ਸੂਦ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਹ ਤਸਵੀਰ ਸੋਸ਼ਲ ਮੀਡੀਆ ਉੱਪਰ ਚੱਲ ਰਹੀ ਹੈ।

                  ਸਵਾਲ ਇਹ ਉੱਠਦਾ ਹੈ ਕਿ ਕੀ ਸੋਨੂੰ ਸੂਦ ਇਨ੍ਹਾਂ ਸਿਆਸੀ ਹਸਤੀਆਂ ਨੂੰ ਮਿਲ ਕੇ ਆਪਣੇ ਜਾਂ ਆਪਣੇ ਪਰਿਵਾਰ ਲਈ ਕੋਈ ਵੱਡਾ ਸਿਆਸੀ ਰੁਤਬਾ ਮੰਗ ਰਹੇ ਹਨ ਤੇ ਜਾਂ ਫਿਰ ਹਾਲੇ 'ਤੇਲ ਦੇਖੋ ਤੇਲ ਦੀ ਧਾਰ ਦੇਖੋ' ਵਾਲੇ ਫਾਰਮੂਲੇ ਉੱਪਰ ਚੱਲ ਕੇ ਆਪਣਾ ਸਿਆਸੀ ਵਜ਼ਨ ਜੋਖ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਨੂੰ ਸੂਦ ਪੰਜਾਬੀਆਂ ਵਿਚ ਇਕ ਹਰਮਨ ਪਿਆਰਾ ਨਾਂ ਹੈ ਪਰ ਸਿਆਸਤ ਵਿੱਚ ਫ਼ਿਲਮੀ ਅਦਾਕਾਰੀ ਵਾਲੇ ਦਾ ਚੱਲਣੇ ਸੌਖੇ ਨਹੀਂ ਹਨ।

                 ਦੂਜਾ ਸਵਾਲ ਇਹ ਉੱਠਦਾ ਹੈ ਕਿ ਕੀ ਸੋਨੂੰ ਸੂਦ ਜਿੰਨੀ ਜਲਦੀ ਵਿਚ ਸਿਆਸਤ ਵਿਚ ਪੈਰ ਜਮਾਉਣ ਲਈ ਕਾਹਲੇ ਹਨ, ਕੀ ਉਹ ਇਸ ਵਿੱਚ ਕਾਮਯਾਬ ਹੋ ਸਕਣਗੇ?  ਸੋਨੂੰ ਸੂਦ ਦਾ ਸਿਆਸੀ ਤਜਰਬਾ ਨਹੀਂ ਹੈ ਅਤੇ ਉਨ੍ਹਾਂ ਦੇ ਸਾਹਮਣੇ ਸਿਆਸੀ ਮਹਾਂਰਥੀਆਂ ਦੀ ਭੀੜ ਹੈ। ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਕ ਬਹੁਤ ਵੱਡੀ ਚੁਣੌਤੀ ਹਨ। ਇਸੇ ਤਰ੍ਹਾਂ ਪੰਜਾਬ ਦੀ ਸੱਤਾਧਾਰੀ ਦਾਲ ਕਾਂਗਰਸ ਪਾਰਟੀ ਦਾ ਇੱਕ ਵੱਡਾ ਕਾਡਰ ਸੂਬੇ ਵਿਚ ਮੌਜੂਦ ਹੈ। ਆਮ ਆਦਮੀ ਪਾਰਟੀ ਵੀ ਤੀਜੀ ਧਿਰ ਵਜੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਜ਼ਰੀ ਠੋਕ ਵਜਾ ਕੇ ਦਰਜ ਕਰਵਾ ਚੁੱਕੀ ਹੈ। ਇਸ ਸਭ ਕੁਝ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਪੱਧਰ ਤੇ ਹਲਕੇ ਤੌਰ ਉੱਪਰ ਲੈਣਾ ਵੀ ਗ਼ਲਤ ਹੈ।

            ਇਹ ਉਹ ਚੁਣੌਤੀਆਂ ਹਨ ਜਿਨ੍ਹਾਂ ਵਿਚੋਂ ਮਾਲਵਿਕਾ ਸੂਦ ਨੂੰ ਲੰਘਣਾ ਪਵੇਗਾ। ਸੋਨੂੰ ਸੂਦ ਕਹਿੰਦੇ ਹਨ ਕਿ ਰਾਜਨੀਤੀ ਵਿਚ ਆਉਣ ਦਾ ਉਨ੍ਹਾਂ ਦਾ ਮਕਸਦ ਸਮਾਜ ਪ੍ਰਤੀ ਆਪਣੀ ਸੇਵਾ ਨੂੰ ਨਿਭਾਉਣਾ ਹੈ। ਜਿੰਨਾ ਚਿਰ ਸੋਨੂੰ ਸੂਦ ਇਹ ਸਥਿਤੀ ਸਪਸ਼ਟ ਨਹੀਂ ਕਰਦੇ ਕਿ ਉਹ ਕਿਸ ਪਾਰਟੀ ਵਿਚ ਜਾਣਗੇ ਉਨ੍ਹਾਂ ਚਿਰ ਉਨ੍ਹਾਂ ਵੱਲੋਂ ਹਲਕੇ ਵਿਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਕੋਈ ਮਾਅਨਾ ਨਹੀਂ ਰੱਖਦੀਆਂ।

                      ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਮੱਖਣ ਬਰਾੜ ਲਈ ਦਿਨ ਰਾਤ ਇੱਕ ਕਰਕੇ ਚੋਣ ਪ੍ਰਚਾਰ ਵਿੱਚ ਜੁਟਿਆ ਹੋਇਆ ਹੈ ਅਤੇ ਉਨ੍ਹਾਂ ਦੇ ਨਿਸ਼ਾਨੇ ਉੱਪਰ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੀ ਸੀ ਪਰ ਹੁਣ ਜਦੋਂ ਚੋਣਾਂ ਦੇ ਮੈਦਾਨ ਵਿੱਚ ਮਾਲਵਿਕਾ ਸ਼ੁਰੂ ਉਤਰ ਆਏ ਹਨ ਤਾਂ ਉਹ ਵੀ ਸੁਭਾਵਕ ਹੈ ਕਿ ਅਕਾਲੀ ਦਲ ਦੇ 'ਨਿਸ਼ਾਨੇ' ਉਪਰ ਰਹਿਣਗੇ।

                      ਮਾਲਵਿਕਾ ਸੂਦ ਵੀ ਹਾਲੇ ਕੁਝ ਸਮਾਂ ਪਹਿਲਾਂ ਹੀ ਇਕ ਸਮਾਜਿਕ ਕਾਰਕੁਨ ਵਜੋਂ ਇਸ ਹਲਕੇ ਵਿਚ ਵਿਚਰਨ ਲੱਗੇ ਹਨ ਅਤੇ ਉਨ੍ਹਾਂ ਕੋਲੋਂ ਅਤੀਤ ਵਿੱਚ ਕੀਤੀਆਂ ਪ੍ਰਾਪਤੀਆਂ ਦੱਸਣ ਦਾ ਵੀ ਕੋਈ ਲੇਖਾ ਜੋਖਾ ਨਹੀਂ ਹੈ। ਫਿਰ ਅਜਿਹੇ ਵਿੱਚ ਮਾਲਵਿਕਾ ਸੂਦ ਸਾਹਮਣੇ ਕਈ ਗੰਭੀਰ ਚੁਣੌਤੀਆਂ ਪੈਦਾ ਹੋਣਗੀਆਂ ਜਿਸ ਨਾਲ ਨਜਿੱਠਣਾ ਕੇਵਲ ਔਖਾ ਕੰਮ ਹੀ ਨਹੀਂ ਸਗੋਂ ਵਿਰੋਧੀਆਂ ਵੱਲੋਂ ਚੁੱਕੇ ਜਾਣ ਵਾਲੇ ਸਵਾਲਾਂ ਦਾ ਜਵਾਬ ਵੀ ਦੇਣਾ ਪਵੇਗਾ।

                      ਸਮਝਿਆ ਜਾਂਦਾ ਹੈ ਕਿ ਸੋਨੂੰ ਸੂਦ ਦਾ ਪਰਿਵਾਰ ਸ਼ਹਿਰੀ ਵੋਟ ਉੱਪਰ ਆਪਣਾ ਪ੍ਰਭਾਵ ਮੰਨ ਕੇ ਮੈਦਾਨ ਵਿੱਚ ਨਿੱਤਰਿਆ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰੀ ਵੋਟ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਪਿੰਡਾਂ ਦੀਆਂ ਸਮੱਸਿਆਵਾਂ ਅਤੇ ਖ਼ਾਸ ਕਰਕੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਗੱਲਾਂ ਵੀ ਇਸ ਵਾਰ ਸ਼ਹਿਰੀ ਵੋਟਰਾਂ ਦੇ ਮੁਕਾਬਲੇ ਘੱਟ ਨਹੀਂ ਹੋਣਗੀਆਂ।