ਮੁੱਖ ਮੰਤਰੀ ਦਾ ਚਿਹਰਾ ਅੱਗੇ ਨਾ ਲਿਆਉਣਾ 'ਆਪ' ਲਈ 'ਖ਼ਤਰੇ' ਦੀ ਘੰਟੀ

ਹਰਜਿੰਦਰ ਸਿੰਘ ਮੌਰੀਆ

ਨੌਰਥ ਟਾਈਮਜ਼ ਬਿਉਰੋ 

 

             ਭਾਵੇਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਸਬੰਧੀ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਪੰਜਾਬ, ਗੋਆ ਅਤੇ ਉੱਤਰ ਪ੍ਰਦੇਸ਼ ਵਿੱਚ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਨਹੀਂ ਲਿਆਂਦਾ ਹੈ, ਇਸ ਲਈ ਆਮ ਆਦਮੀ ਪਾਰਟੀ ਨੂੰ ਹਾਲੇ ਇਸ ਸਬੰਧੀ ਕੋਈ ਕਾਹਲੀ ਨਹੀਂ ਹੈ।

             ਪਰ ਦੂਜੇ ਪਾਸੇ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਸ ਨੂੰ ਲੈ ਕੇ ਹੇਠਲੇ ਪੱਧਰ ਦੇ 'ਆਪ' ਵਰਕਰਾਂ ਵਿਚ ਲਗਾਤਾਰ ਨਿਰਾਸ਼ਤਾ ਪੈਦਾ ਹੁੰਦੀ ਜਾ ਰਹੀ ਹੈ।

         ਅਸਲ ਵਿੱਚ ਆਮ ਆਦਮੀ ਪਾਰਟੀ ਦੇ ਵਧੇਰੇ ਵਲੰਟੀਅਰ ਅਤੇ ਅਹੁਦੇਦਾਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਨ੍ਹਾਂ ਵਰਕਰਾਂ ਦਾ ਖਿਆਲ ਹੈ ਕਿ ਜਿੰਨੀ ਜਲਦੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ, ਓਨੀ ਜਲਦੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਸਿਆਸੀ ਸਮੀਕਰਨ ਹਰ ਘੰਟੇ ਬਦਲ ਰਹੇ ਹਨ।

           ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੀਡੀਆ ਨੂੰ ਆਪਣੇ ਪ੍ਰੋਗਰਾਮਾਂ ਤੋਂ ਦੂਰ ਰੱਖਣਾ ਵੀ ਪਾਰਟੀ ਦੀ ਭਰੋਸੇਯੋਗਤਾ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕਦਾ ਹੈ।

           ਪਹਿਲਾਂ ਸੰਗਰੂਰ, ਫਿਰ ਮਾਨਸਾ, ਫਿਰ ਬਠਿੰਡਾ ਤੇ ਉਸ ਤੋਂ ਬਾਅਦ ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਕੇਜਰੀਵਾਲ ਦੇ ਪ੍ਰੋਗਰਾਮ ਵਿੱਚ ਜਾਣ ਨਹੀਂ ਦਿੱਤਾ। ਬੁੱਧੀਜੀਵੀ ਵਰਗ ਸਵਾਲ ਚੁੱਕਦਾ ਹੈ ਕਿ ਇਕ ਪਾਸੇ ਅਰਵਿੰਦ ਕੇਜਰੀਵਾਲ ਪਾਰਦਰਸ਼ਤਾ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪਣੇ ਪ੍ਰੋਗਰਾਮਾਂ ਨੂੰ  ਸਥਾਨਕ ਮੀਡੀਆ ਤੋਂ ਦੂਰ ਰੱਖ ਕੇ ਪਾਰਦਰਸ਼ਤਾ ਸਬੰਧੀ ਅਜੀਬੋ ਗ਼ਰੀਬ ਸਥਿਤੀ ਪੈਦਾ ਕਰ ਰਹੇ ਹਨ।

            ਪੰਜਾਬ ਦੇ ਬਹੁਤੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਆਖਿਰਕਾਰ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਦਿੱਲੀ ਵਿੱਚ ਵੱਖੋ ਵੱਖਰਾ ਸਟੈਂਡ ਕਿਉਂ ਰੱਖਦੇ ਹਨ। ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਪਾਣੀਆਂ ਦਾ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਾਣੀਆਂ ਉੱਪਰ ਪੰਜਾਬ ਦਾ ਹੱਕ ਦੱਸਦੀ ਹੈ ਅਤੇ ਦਿੱਲੀ ਜਾ ਕੇ ਉਹ ਪੰਜਾਬ ਦੇ ਦਰਿਆਵਾਂ ਵਿੱਚੋਂ ਪਾਣੀ ਦੀ ਮੰਗ ਕਰਦੀ ਹੈ।

            ਇਸ ਮੁੱਦੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਰਵਿੰਦ ਕੇਜਰੀਵਾਲ ਨੂੰ ਕਈ ਵਾਰ ਆਪਣੇ ਬਿਆਨਾਂ ਵਿਚ ਘੇਰ ਚੁੱਕੇ ਹਨ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਅਰਵਿੰਦ ਕੇਜਰੀਵਾਲ ਕਦੇ ਵੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖ ਸਕੇ।

            ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਜਨਤਾ ਇਹ ਸੁਆਲ ਵੀ ਚੁੱਕਦੀ ਹੈ ਕਿ ਆਖ਼ਰਕਾਰ ਚੋਣ ਪੰਜਾਬ ਵਿਚ ਲੜੀ ਜਾਣੀ ਹੈ ਅਤੇ ਸਮੁੱਚਾ ਤਾਣਾ ਬਾਣਾ ਹਿੰਦੀ ਵਿੱਚ ਬੁਣਿਆ ਜਾ ਰਿਹਾ ਹੈ।

 

           ਪੰਜਾਬ ਵਿਰਾਸਤ ਮੰਚ ਦੇ ਆਗੂ ਰਾਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਇਹ ਪੰਜਾਬ ਲਈ ਸਭ ਤੋਂ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਪੰਜਾਬੀ ਤੋਂ ਅਣਜਾਣ ਲੋਕ ਪੰਜਾਬ ਵਿੱਚ ਆਪਣਾ ਰਾਜ ਸਥਾਪਤ ਕਰਨ ਲਈ ਦਿਨ ਰਾਤ ਤਰਲੋ ਮੱਛੀ ਹੋ ਰਹੇ ਹਨ।

 

          ਉਨ੍ਹਾਂ ਕਿਹਾ ਕਿ ਪੰਜਾਬੀ ਜ਼ੁਬਾਨ ਉੱਪਰ ਪਹਿਲਾਂ ਹੀ ਵੱਖ ਵੱਖ ਤਰੀਕਿਆਂ ਨਾਲ ਹਮਲੇ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਿੰਦੀ ਵਿਚ ਆਪਣੀਆਂ ਗੱਲਾਂ ਰੱਖ ਕੇ  ਪੰਜਾਬੀ ਨੂੰ ਖ਼ਤਮ ਕਰਨ ਵਾਲੀ ਸਾਜ਼ਿਸ਼ ਦਾ ਸਿੱਧੇ ਤੌਰ ਤੇ ਹਿੱਸਾ ਬਣ ਰਹੇ ਹਨ।

 

         ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਾ ਕੀਤੇ ਜਾਣ ਕਾਰਨ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰ ਇਸ ਗੱਲੋਂ ਵੀ ਪ੍ਰੇਸ਼ਾਨ ਹਨ ਕਿ ਜਿਸ ਤਰ੍ਹਾਂ ਨਾਲ ਦਲ ਬਦਲੀ ਦਾ ਦੌਰ ਚੱਲ ਰਿਹਾ ਹੈ, ਉਸ ਸੰਦਰਭ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਕਾਂਗਰਸ ਜਾਂ ਹੋਰਨਾਂ ਧਿਰਾਂ ਵਿੱਚ ਸ਼ਾਮਲ ਹੋ ਸਕਦੇ ਹਨ।

 

          ਹੁਣ ਦੇਖਣ ਵਾਲੀ ਗੱਲ ਤਾਂ ਇਹ ਰਹੇਗੀ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਉਨ੍ਹਾਂ ਦੇ ਵਰਕਰ ਕਿਸ ਢੰਗ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੀ ਨੀਤੀ ਘੜਦੇ ਹਨ ਅਤੇ ਉਹੋ ਸਫ਼ਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।