ਅੱਜ ਪੰਜਾਬ ਦੇ ਦਿੱਗਜਾਂ ਵਲੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹਨ। ਇਸ ਦੇ ਚੱਲਦਿਆਂ ਜਿਥੇ ਸਿਆਸੀ ਪਾਰਟੀਆਂ ਵਲੋਂ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ,ਉਥੇ ਹੀ ਨਾਮਜ਼ਦਗੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਅੱਜ ਕਈ ਦਿੱਗਜਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਜਾਣਗੇ।
ਚਰਨਜੀਤ ਚੰਨੀ ਭਦੌੜ ਤੋਂ ਭਰਨਗੇ ਕਾਗਜ਼
ਕਾਂਗਰਸ ਵਲੋਂ ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਚੱਲਦਿਆਂ ਅੱਜ ਚਰਨਜੀਤ ਚੰਨੀ ਵਲੋਂ ਭਦੌੜ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਜਦਕਿ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਭਲਕੇ ਨਾਮਜ਼ਦਗੀ ਦਾਖ਼ਲ ਕਰਨਗੇ।
ਪਟਿਆਲਾ ਤੋਂ ਕੈਪਟਨ ਭਰਨਗੇ ਨਾਮਜ਼ਦਗੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਪਟਿਆਲਾ ਤੋਂ ਚੋਣ ਲੜਨਗੇ। ਉਨ੍ਹਾਂ ਦੇ ਮੁਕਾਬਲੇ 'ਚ ਕਾਂਗਰਸ ਵਲੋਂ ਵਿਸ਼ਨੂੰ ਸ਼ਰਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ 11:30 ਵਜੇ ਦਾਖ਼ਲ ਕੀਤੇ ਜਾਣਗੇ।
ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਭਰਨਗੇ ਪਰਚੇ
ਵਿਧਾਨ ਸਭਾ ਚੋਣਾਂ ਨੂੰ ਲੈਕੇ ਜਿਥੇ ਪ੍ਰਚਾਰ ਤੇਜ਼ ਹੈ। ਉਥੇ ਹੀ ਨਾਮਜ਼ਦਗੀਆਂ ਦਾ ਦੌਰ ਵੀ ਜਾਰੀ ਹੈ। ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਲੰਬੀ ਹਲਕੇ ਤੋਂ ਨਾਮਜ਼ਦਗੀ ਭਰੀ ਜਾਵੇਗੀ। ਦੱਸ ਦਈਏ ਕਿ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਹਨ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ।
ਜਲਾਲਾਬਾਦ 'ਚ ਸੁਖਬੀਰ ਭਰਨਗੇ ਕਾਗਜ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਹਲਕੇ ਤੋਂ ਆਪਣੀ ਨਾਮਜ਼ਦਗੀ ਅੱਜ 11 ਵਜੇ ਭਰੀ ਜਾਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵਲੋਂ 2017 ਦੀ ਜਿੱਤ ਤੋਂ ਬਾਅਦ ਲੋਕ ਸਭਾ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ, ਜਿਸ ਕਾਰਨ ਇਸ ਸੀਟ 'ਤੇ ਮੌਜੂਦਾ ਵਿਧਾਇਕ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਸਨ, ਪਰ ਕਾਂਗਰਸ ਵਲੋਂ ਬੀਤੇ ਦਿਨ ਜਾਰੀ ਸੂਚੀ 'ਚ ਵਿਧਾਇਕ ਆਵਲਾ ਦਾ ਨਾਮ ਕੱਟ ਕੇ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।