Big News: ਪੰਜਾਬ ‘ਚ ਕਿਸਾਨਾਂ ਆਗੂਆਂ ‘ਤੇ ਕਾਂਗਰਸੀ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ

ਚੰਡੀਗੜ੍ਹ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਬੁੱਢਣਪੁਰ (ਮੁਹਾਲੀ) ਵਿਖੇ ਹਥਿਆਰਬੰਦ ਕਾਂਗਰਸੀ ਗੁੰਡਿਆਂ ਵੱਲੋਂ ਕਿਸਾਨ ਆਗੂਆਂ ਜੋਧ ਸਿੰਘ ਤੇ ਗੁਰਧਿਆਨ ਸਿੰਘ ਉੱਪਰ ਜਾਨਲੇਵਾ ਹਮਲਾ ਕਰਕੇ ਗੰਭੀਰ ਫੱਟੜ ਕਰਨ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਜੂਨ 2021 ਵਿੱਚ ਵੀ ਜਦ ਹਲਕਾ ਵਿਧਾਇਕ ਹਰਦਿਆਲ ਕੰਬੋਜ ਪਿੰਡ ਵਿੱਚ ਚੈੱਕ ਵੰਡਣ ਆਇਆ ਸੀ ਤਾਂ ਭਾਕਿਯੂ ਏਕਤਾ ਡਕੌਂਦਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਸਵਾਲ ਪੁੱਛੇ ਸਨ ਤਾਂ ਉਸ ਸਮੇਂ ਵੀ ਪੁਲਿਸ ਨੇ ਸਿਆਸੀ ਸ਼ਹਿ ਦੇ ਚਲਦਿਆਂ ਕਿਸਾਨ ਆਗੂਆਂ ਉੱਪਰ ਪਰਚਾ ਦਰਜ ਕੀਤਾ ਸੀ। ਸੰਘਰਸ਼ ਤੋਂ ਬਾਅਦ ਉਹ ਪਰਚਾ ਖਾਰਜ ਹੋ ਗਿਆ ਸੀ।

ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਜਦ ਮਿਤੀ 1 ਫਰਵਰੀ ਨੂੰ ਇਹੀ ਹਲਕਾ ਵਿਧਾਇਕ ਚੋਣ ਪ੍ਰਚਾਰ ਲਈ ਬੁੱਢਣਪੁਰ ਆਇਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਜੋਧ ਸਿੰਘ ਅਤੇ ਗੁਰਧਿਆਨ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੇ ਪਿਛਲੀ ਕਾਰਗੁਜਾਰੀ ਸਮੇਤ ਕਿਸਾਨੀ ਸੰਕਟ ਸਬੰਧੀ ਸਵਾਲ ਪੁੱਛਦੇ ਚਾਹੇ ਤਾਂ ਕਾਂਗਰਸੀ ਵਿਧਾਇਕ ਨੇ ਇਨ੍ਹਾਂ ਆਗੂਆਂ ਉੱਪਰ ਆਪਣੇ ਪਾਲੇ ਹੋਏ ਹਥਿਆਰਬੰਦ ਗੁੰਡਿਆਂ ਕੋਲੋਂ ਜਾਨਲੇਵਾ ਹਮਲਾ ਕਰਵਾ ਦਿੱਤਾ।

ਇਨ੍ਹਾਂ ਆਗੂਆਂ ਵਿੱਚੋਂ ਸਖ਼ਤ ਫੱਟੜ ਹੋਇਆ ਕਿਸਾਨ ਆਗੂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਿਸਾਨ ਆਗੂਆਂ ਕਿਹਾ ਕਿ ਇਹ ਹਮਲਾ ਕਿਸੇ ਇੱਕ ਜਾਂ ਦੋ ਕਿਸਾਨ ਆਗੂਆਂ ਉੱਪਰ ਨਾਂ ਹੋਕੇ ਜੂਝ ਰਹੀ ਕਿਸਾਨ ਲਹਿਰ ਉੱਪਰ ਹਮਲਾ ਹੈ।

ਆਗੂਆਂ ਗੁਰਦੀਪ ਰਾਮਪੁਰਾ, ਗੁਰਮੀਤ ਭੱਟੀਵਾਲ, ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਜੋਰਦਾਰ ਮੰਗ ਕੀਤੀ ਕਿ ਜੋਧ ਸਿੰਘ ਅਤੇ ਗੁਰਧਿਆਨ ਸਿੰਘ ਦੇ ਹਮਲਾਵਰਾਂ ਨੂੰ ਤੁਰੰਤ ਗੑਿਫਤਾਰ ਕੀਤਾ ਜਾਵੇ ਨਹੀਂ ਤਾਂ ਜਲਦ ਹੀ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਸਮੁੱਚੀ ਸੂਬਾ ਕਮੇਟੀ ਪਲ-ਪਲ ਦੀ ਸਥਿਤੀ ਉੱਤੇ ਨਜ਼ਰ ਰੱਖ ਰਹੀ ਹੈ।

ਵਿਧਾਇਕ ਹਰਦਿਆਲ ਕੰਬੋਜ ਵੱਲੋਂ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਨੂੰ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਤਾੜਨਾ ਕੀਤੀ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਤਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ।