ਅਕਾਲੀ-ਬਸਪਾ ਸਰਕਾਰ ਆਉਣ ਤੇ 2004 ਵਾਲੀ ਪੈਨਸ਼ਨ ਸਕੀਮ ਕਰਾਂਗੇ ਲਾਗੂ

ਖੰਨਾ, 17 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) - ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੀ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਜੰਗੀ ਪੱਧਰ ਤੇ ਚੋਣ ਪ੍ਰਚਾਰ ਕਰਦਿਆਂ ਹਲਕੇ ਦੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ। ਸਥਾਨਕ ਵਾਰਡ ਨੰਬਰ 26 ਵਿਖੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਯਾਦੂ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ਤੇ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਸਰਕਾਰ ਆਉਣ ’ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਸਰਕਾਰੀ ਸਕੂਲ ਖੋਲ੍ਹੇ ਜਾਣਗੇ, ਜਿੱਥੇ ਵਿਦਿਆਰਥੀਆਂ ਨੂੰ ਨਵੇਂ ਆਧੁਨਿਕ ਢੰਗਾਂ ਨਾਲ ਮੁਫ਼ਤ ਸਿੱਖਿਆ ਮਿਲੇਗੀ, ਹਰ ਵਾਰਡ ਵਿਚ ਹੈਲਥ ਸੈਂਟਰ ਸਥਾਪਿਤ ਹੋਵੇਗਾ, ਸ਼ਹਿਰ ਤੋਂ ਪਿੰਡਾਂ ਨੂੰ ਜਾਂਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾਵੇਗਾ, ਜੀ. ਟੀ. ਰੋਡ ਤੇ ਹਰ ਸਾਲ 1.5 ਲੱਖ ਦਰੱਖਤ ਲਾਏ ਜਾਣਗੇ, ਜਿਨ੍ਹਾਂ ਦੀ ਦੇਖਭਾਲ ਲਈ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਪੂਰੇ ਸ਼ਹਿਰ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ, 10 ਨਵੇਂ ਵੱਡੇ ਪਾਰਕ ਵਿਕਸਿਤ ਕੀਤੇ ਜਾਣਗੇ, ਸ਼ਹਿਰ ਨੂੰ ਗੰਦਗੀ ਮੁਕਤ ਕਰਕੇ 100 ਫ਼ੀਸਦੀ ਸੀਵਰੇਜ ਉਪਲੱਬਧ ਕਰਵਾਇਆ ਜਾਵੇਗਾ। ਇਸ ਮੌਕੇ ਪੁਸ਼ਕਰਰਾਜ ਸਿੰਘ ਰੂਪਰਾਏ, ਰਾਜਿੰਦਰ ਸਿੰਘ ਜੀਤ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਵੀਰ ਸਿੰਘ, ਜਸਵਿੰਦਰ ਕੌਰ, ਪਲਵਿੰਦਰ ਕੌਰ, ਗੁਰਪ੍ਰੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।