ਖੰਨਾ, 17 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) - ਅੱਜ ਸਥਾਨਕ ਪੀਰਖਾਨਾ ਰੋਡ ਦੇ ਗੁਰਦੁਆਰਾ ਸ੍ਰੀ ਰਵਿਦਾਸ ਜੀ ਤੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਜਿਸ ਵਿਚ ਹਰ ਧਰਮ ਦੇ ਲੋਕਾਂ ਦੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਲਲਹੇੜੀ ਰੋਡ, ਰੇਲਵੇ ਰੋਡ, ਮਲੇਰਕੋਟਲਾ ਰੋਡ ਤੋਂ ਹੋ ਵਾਪਸ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ। ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦਾ ਥਾਂ ਥਾਂ ਤੇ ਸਵਾਗਤ ਕਰਦਿਆਂ ਲੰਗਰ ਲਾਏ। ਨਗਰ ਕੀਰਤਨ ਵਿਚ ਅਨੇਕਾਂ ਸ਼ਬਦੀ ਜੱਥੇ, ਗੱਤਕਾ ਪਾਰਟੀਆਂ, ਬੈਂਡ ਸ਼ਾਮਲ ਹੋਏ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਗੁਰੂ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਰਾਗੀ-ਢਾਡੀ ਜੱਥਿਆਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।