ਸੋਨੀਪਤ ਪੁਲਿਸ ਨੇ ਦੀਪ ਸਿੱਧੂ ਦੀ ਮੌਤ ਮਾਮਲੇ ‘ਚ ਕੀਤਾ ਵੱਡਾ ਖ਼ੁਲਾਸਾ; ਗੱਡੀ ‘ਚੋਂ ਆਹ ਚੀਜ਼ਾਂ ਮਿਲੀਆਂ

ਚੰਡੀਗੜ੍ਹ:

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਮਾਮਲੇ ‘ਚ ਸੋਨੀਪਤ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੋਸਟਮਾਰਟਮ ਦੌਰਾਨ ਐਸਪੀ ਰਾਹੁਲ ਸ਼ਰਮਾ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਸਨ। ਖ਼ਬਰ ਦੇ ਮੁਤਾਬਿਕ, ਜਾਂਚ ਤੋਂ ਬਾਅਦ ਐਸਪੀ ਨੇ ਦੱਸਿਆ ਕਿ ਦੀਪ ਸਿੱਧੂ ਦੀ ਕਾਰ ਵਿੱਚੋਂ ਸ਼ਰਾਬ ਦੀ ਬੋਤਲ ਮਿਲੀ ਹੈ। ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਦੀਪ ਸਿੱਧੂ ਨੇ ਹਾਦਸੇ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ?

ਉਹਨਾਂ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਾਪਦਾ ਹੈ। ਫਿਲਹਾਲ ਪੁਲਿਸ ਨੇ ਦੀਪ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਅਣਪਛਾਤੇ ਟਰਾਲੇ ਚਾਲਕ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਟਰੱਕ ਚਾਲਕ ਦੀ ਪਹਿਚਾਣ ਹੋ ਗਈ ਹੈ। ਉਹ ਜਲਦੀ ਹੀ ਸਾਡੀ ਪਕੜ ਵਿਚ ਹੋਵੇਗਾ।

ਸੋਨੀਪਤ ਪੁਲਿਸ ਨੇ ਦੱਸਿਆ ਕਿ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਉਹਨਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਹ ਗੁੜਗਾਓ ਤੋਂ ਲੁਧਿਆਣਾ (ਪੰਜਾਬ) ਦੀਪ ਸਿੱਧੂ ਦੇ ਘਰ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ।

ਗੌਰਤਲਬ ਹੈ ਕਿ ਬੀਤੇ ਦਿਨੀਂ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਸੀ ਤੇ ਉਹ ਇਸ ਸੰਸਾਰ ਤੋਂ ਰੁਖਸਤ ਹੋ ਗਏ ਹਨ।

ਦੀਪ ਸਿੱਧੂ ਦਿੱਲੀ ਤੋਂ ਖ਼ੁਦ ਆਪਣਾ ਆਪਣੀ ਗੱਡੀ ਚਲਾ ਕੇ ਵਾਪਸ ਆ ਰਹੇ ਸਨ, ਕਿ ਅਚਾਨਕ ਉਹਨਾਂ ਦੀ ਸਕਾਰਪੀਓ ਕੇ.ਐਮ.ਪੀ. ਮਾਰਗ ‘ਤੇ ਇਕ ਖੜ੍ਹੇ ਹੋਏ ਕੰਟੇਨਰ ਮਗਰ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਮੌਕੇ ‘ਤੇ ਹੀ ਦਮ ਤੋੜ ਗਏ।