ਹੁਣ Whatapp ‘ਤੇ ‘ਰੈੱਡ ਹਾਰਟ ਇਮੋਜੀ’ ਭੇਜਣਾ ਹੋਵੇਗਾ ਖ਼ਤਰਨਾਕ, ਜਾਣੋ ਕਿਵੇਂ

ਨਵੀਂ ਦਿੱਲੀ: ਕਦੇ-ਕਦਾਈਂ ਆਪਣੀ ਗੱਲ ਕਹਿਣ ਲਈ ਸ਼ਬਦ ਘੱਟ ਪੈ ਜਾਂਦੇ ਹਨ। ਪਹਿਲਾਂ ਪੁਰਾਣੇ ਸਮੇਂ ‘ਚ ਲੋਕ ਕਿਸੇ ਨੂੰ ਆਪਣੀਆਂ ਭਾਵਨਾਵਾਂ ਦੱਸਣ ਲਈ ਚਿੱਠੀਆਂ ਲਿਖਦੇ ਸਨ। ਇੰਨਾ ਹੀ ਨਹੀਂ ਜੇਕਰ ਕੋਈ ਸਾਹਮਣੇ ਹੁੰਦਾ ਸੀ ਤਾਂ ਇਸ਼ਾਰਿਆਂ ‘ਚ ਗੱਲ ਕਰਦੇ ਸਨ ਪਰ ਅੱਜ ਦੇ ਤਕਨੀਕੀ ਯੁੱਗ ‘ਚ ਸੋਸ਼ਲ ਮੀਡੀਆ ਦੀ ਵਰਤੋਂ ਇੰਨੀ ਵਧ ਗਈ ਹੈ ਕਿ ਕੋਈ ਵੀ ਇਸ਼ਾਰਿਆਂ ‘ਚ ਚਿੱਠੀਆਂ ਜਾਂ ਗੱਲ ਨਹੀਂ ਕਰਦਾ ਕਿਉਂਕਿ ਹੁਣ ਫੇਸਬੁੱਕ, ਵਟਸਐਪ, ਸਨੈਪ ਚੈਟ, ਇੰਸਟਾਗ੍ਰਾਮ ਤੇ ਹੋਰ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਸ ਹਨ ਜੋ ਫਨੀ ਤੇ ਮਜ਼ੇਦਾਰ ਇਮੋਜੀ ਲਾਂਚ ਕਰਦੀਆਂ ਰਹਿੰਦੀਆਂ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਪੱਛਮੀ ਦੇਸ਼ਾਂ ਤੋਂ ਇਲਾਵਾ ਸਾਊਦੀ ਅਰਬ ‘ਚ ਰੈੱਡ ਹਾਰਟ ਇਮੋਜੀ (‘Red Heart Emoji’) ਭੇਜਣ ‘ਤੇ ਸਖਤੀ ਵਰਤੀ ਜਾਂਦੀ ਹੈ।

ਸਾਊਦੀ ਅਰਬ ਮੁਸਲਿਮ ਦੇਸ਼ ਹੈ ਜਿੱਥੇ ਕਾਨੂੰਨ ਵੀ ਬਹੁਤ ਸਖ਼ਤ ਹਨ। ਖਾਸ ਤੌਰ ‘ਤੇ ਔਰਤਾਂ ਲਈ ਇੱਥੇ ਸਖ਼ਤ ਕਾਨੂੰਨ ਬਣਾਏ ਗਏ ਹਨ। ਗੱਲ ਭਾਵੇਂ ਬੁਰਕਾ ਪਾਉਣ ਦੀ ਹੋਵੇ ਜਾਂ ਘਰੋਂ ਕਿਸੇ ਨੂੰ ਮਿਲਣ ਦੀ। ਸਾਊਦੀ ਅਰਬ ‘ਚ ਰਹਿਣ ਵਾਲੀਆਂ ਔਰਤਾਂ ਆਪਣੇ ਤਰੀਕੇ ਨਾਲ ਜ਼ਿੰਦਗੀ ਨਹੀਂ ਜੀਅ ਸਕਦੀਆਂ। ਅਜਿਹੇ ‘ਚ ਇੱਥੇ ਇਹ ਵੀ ਪਾਬੰਦੀ ਹੈ ਕਿ ਜੇਕਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਸੀਂ ‘ਰੈੱਡ ਹਾਰਟ ਇਮੋਜੀ’ ਨਹੀਂ ਭੇਜ ਸਕਦੇ। ਜੇਕਰ ਤੁਸੀਂ ਇਹ ਇਮੋਜੀ ਕਿਸੇ ਨੂੰ ਵੀ ਭੇਜਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਮਹਿੰਗਾ ਸਾਬਿਤ ਹੋ ਸਕਦਾ ਹੈ। ਸਾਊਦੀ ਸਾਈਬਰ ਐਕਸਪਰਟ ਦਾ ਕਹਿਣਾ ਹੈ ਕਿ ਸਾਊਦੀ ਕਾਨੂੰਨ ਮੁਤਾਬਕ ਜੇਕਰ ਕੋਈ ਰੈੱਡ ਹਾਰਟ ਇਮੋਜੀ ਭੇਜਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਅਤੇ 20 ਲੱਖ ਰੁਪਏ ਜੁਰਮਾਨਾ ਭਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਜਿਸ ਨੂੰ ਇਹ ਇਮੋਜੀ ਭੇਜੀ ਗਈ ਹੈ, ਉਸ ਨੂੰ 1 ਲੱਖ ਰੁਪਏ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਸਾਊਦੀ ਅਰਬ ਦੀ ਇਕ ਰਿਪੋਰਟ ਮੁਤਾਬਕ, ਐਂਟੀ ਫਰਾਡ ਐਸੋਸੀਏਸ਼ਨ ਦੇ ਮੈਂਬਰ ਅਲ ਮੋਆਤਾਜ਼ ਕੁਤਬੀ ਦਾ ਕਹਿਣਾ ਹੈ ਕਿ ਵ੍ਹਟਸਐਪ ‘ਤੇ ‘ਰੈੱਡ ਹਾਰਟ ਇਮੋਜੀ’ ਭੇਜਣਾ ਸ਼ੋਸ਼ਣ ਵਰਗਾ ਅਪਰਾਧ ਸਮਝਿਆ ਜਾਂਦਾ ਹੈ। ਜੇਕਰ ਕਿਸੇ ਨੇ ਆਨਲਾਈਨ ਚੈਟਿੰਗ ਦੌਰਾਨ ਲਾਲ ਇਮੋਜੀ ਭੇਜਣ ਦਾ ਮਾਮਲਾ ਦਰਜ ਕਰਵਾ ਦਿੱਤਾ ਤਾਂ ਉਸ ਨੂੰ ਸ਼ੋਸ਼ਣ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਜਾਵੇਗਾ। ਇੱਥੇ ਕਿਸੇ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ‘ਰੈੱਡ ਹਾਰਟ ਇਮੋਜੀ’ ਭੇਜਣਾ ਬਹੁਤ ਵੱਡਾ ਅਪਰਾਧ ਹੈ। ਇੱਥੇ ਲਾਲ ਇਮੋਜੀ ਭੇਜਣਾ ਜਿਣਸੀ ਸ਼ੋਸ਼ਣ ਦੇ ਅਪਰਾਧਾਂ ‘ਚ ਸ਼ਾਮਲ ਕੀਤਾ ਗਿਆ ਹੈ।