ਜੰਗ ਦੇ ਪਹਿਲੇ ਦਿਨ ਰੂਸ ਵਲੋਂ ਕੀਤੇ ਹਮਲੇ ‘ਚ ਯੂਕ੍ਰੇਨ ਦੇ 137 ਲੋਕਾਂ ਦੀ ਮੌਤ

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਯੂਕ੍ਰੇਨ ‘ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ ‘ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ।ਇਸ ਦੌਰਾਨ ਯੂਕ੍ਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੂੰ ਤੁਰੰਤ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ‘ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਯੂਕ੍ਰੇਨ ‘ਤੇ ਰੂਸੀ ਹਮਲੇ ਖਿਲਾਫ਼ ਖਰੜੇ ‘ਤੇ ਸ਼ੁੱਕਰਵਾਰ ਨੂੰ UNSC ‘ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਨਾਟੋ ਐਮਰਜੈਂਸੀ ਸੰਮੇਲਨ ਵੀ ਕਰਵਾਏਗਾ। ਅਪ੍ਰੈਲ 1986 ‘ਚ, ਚਰਨੋਬਲ ਪ੍ਰਮਾਣੂ ਪਲਾਂਟ ‘ਚ ਦੁਨੀਆ ਦਾ ਸਭ ਤੋਂ ਘਾਤਕ ਪ੍ਰਮਾਣੂ ਹਾਦਸਾ ਹੋਇਆ। ਧਮਾਕੇ ਤੋਂ ਬਾਅਦ ਪੂਰੇ ਯੂਰਪ ‘ਚ ਰੇਡੀਏਸ਼ਨ ਫੈਲ ਗਈ। ਇਹ ਪਲਾਂਟ ਦੇਸ਼ ਦੀ ਰਾਜਧਾਨੀ ਕੀਵ ਤੋਂ 130 ਕਿਲੋਮੀਟਰ ਉੱਤਰ ‘ਚ ਸਥਿਤ ਹੈ। ਜਿਸ ਰਿਐਕਟਰ ਵਿਚ ਧਮਾਕਾ ਹੋਇਆ ਸੀ, ਉਸ ਨੂੰ ਰੇਡੀਏਸ਼ਨ ਲੀਕ ਹੋਣ ਤੋਂ ਰੋਕਣ ਲਈ ਸੁਰੱਖਿਆ ਯੰਤਰ ਨਾਲ ਢਕਿਆ ਗਿਆ ਹੈ ਅਤੇ ਪੂਰੇ ਪਲਾਂਟ ਨੂੰ ਅਸਮਰੱਥ ਕਰ ਦਿੱਤਾ ਗਿਆ ਹੈ।

ਯੂਕ੍ਰੇਨ ‘ਚ ਚੀਨੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਦਿੱਤੀਆਂ ਚਾਰਟਰਡ ਉਡਾਣਾਂ

ਯੂਕ੍ਰੇਨ ‘ਚ ਚੀਨੀ ਦੂਤਘਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਬੀ ਯੂਰਪੀਅਨ ਦੇਸ਼ ‘ਚ ਸਾਰੇ ਚੀਨੀ ਨਾਗਰਿਕ ਘਰ ਪਰਤਣ ਲਈ ਚਾਰਟਰਡ ਉਡਾਣਾਂ ਲਈ ਰਜਿਸਟਰ ਕਰਵਾ ਲੈਣ। ਇਹ ਨੋਟਿਸ ਦੂਤਘਰ ਦੇ ਅਧਿਕਾਰਤ WeChat ਖਾਤੇ ‘ਤੇ ਪੋਸਟ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਇਸ ਲਈ ਰਜਿਸਟ੍ਰੇਸ਼ਨ 27 ਫਰਵਰੀ ਤਕ ਕਰਵਾਈ ਜਾ ਸਕਦੀ ਹੈ। ਯੂਕ੍ਰੇਨ ‘ਚ ਕੁੱਲ 6000 ਚੀਨੀ ਨਾਗਰਿਕ ਹਨ।

ਯੂਕ੍ਰੇਨ ‘ਤੇ ਰੂਸ ਦਾ ਤਿੰਨ-ਪੱਖੀ ਹਮਲਾ, ਮਿਜ਼ਾਈਲਾਂ ਦੀ ਬਾਰਸ਼

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਹੁਣ ਯੂਕ੍ਰੇਨ ‘ਚ ਰੂਸ ਕਰ ਰਿਹਾ ਹੈ। ਜ਼ਮੀਨੀ, ਹਵਾਈ ਤੇ ਸਮੁੰਦਰ ਰਾਹੀਂ ਭਾਰੀ ਬੰਬਾਰੀ ਕਰ ਕੇ ਯੂਕ੍ਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਗਿਆ ਹੈ। 74 ਮਿਲਟਰੀ ਬੇਸ ਤੇ 11 ਏਅਰਬੇਸ ਨਸ਼ਟ ਕਰ ਦਿੱਤੇ ਗਏ। ਹਾਲਾਂਕਿ, ਰੂਸ ਨੇ ਯੂਕ੍ਰੇਨ ਦੇ ਪੰਜ ਰੂਸੀ ਜਹਾਜ਼ਾਂ ਅਤੇ ਕਈ ਟੈਂਕਾਂ ਨੂੰ ਤਬਾਹ ਕਰਨ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਰੂਸੀ ਫੌਜ ਨੇ ਚਰਨੋਬਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੇ ਫੌਜੀ ਅੱਡੇ ਰੂਸੀ ਹਮਲੇ ਦਾ ਸ਼ੁਰੂਆਤੀ ਨਿਸ਼ਾਨਾ ਬਣ ਗਏ।

ਕੁਝ ਘੰਟਿਆਂ ਦੇ ਅੰਦਰ ਰੂਸੀ ਹਵਾਈ ਹਮਲਿਆਂ ਦੁਆਰਾ ਯੂਕ੍ਰੇਨ ‘ਚਚ 74 ਫੌਜੀ ਟਿਕਾਣਿਆਂ ਤੇ 11 ਏਅਰਬੇਸ ਨੂੰ ਤਬਾਹ ਕਰ ਦਿੱਤਾ ਗਿਆ। ਇਸ ਦੌਰਾਨ ਰਾਜਧਾਨੀ ਕੀਵ ‘ਤੇ ਮਿਜ਼ਾਈਲ ਹਮਲੇ ਅਤੇ ਸਰਹੱਦੀ ਸ਼ਹਿਰਾਂ ‘ਚ ਲੜਾਕੂ ਜਹਾਜ਼ਾਂ ਵੱਲੋਂ ਹਮਲੇ ਕੀਤੇ ਗਏ। ਦੇਰ ਰਾਤ ਤਕ ਹਮਲੇ ਜਾਰੀ ਰਹੇ। ਯੂਕ੍ਰੇਨ ਨੇ 6 ਹਮਲਾਵਰ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ, ਪਰ ਰੂਸ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਕੀਵ ਵੱਲ ਵਧ ਰਹੇ ਰੂਸੀ ਬਲਾਂ ਨੇ ਮਸ਼ਹੂਰ ਚਰਨੋਬਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਰੂਸ ਨੇ ਬਾਗੀਆਂ ਦੇ ਕਬਜ਼ੇ ਵਾਲੇ ਡੋਨਬਾਸ, ਬੇਲਾਰੂਸ ਅਤੇ ਕਾਲੇ ਸਾਗਰ ਤੋਂ ਯੂਕਰੇਨ ‘ਤੇ ਹਮਲਾ ਕੀਤਾ ਹੈ।