ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਇੱਥੇ ਮੈਕਸਿਕਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਬਣਾਈ। ਇਸ ਸਾਲ ਆਸਟ੍ਰੇਲੀਅਨ ਓਪਨ ਦੇ ਜੇਤੂ ਨਡਾਲ ਨੇ ਡੈਨਿਸ ਕੁਡਲਾ ’ਤੇ 6-3, 6-2 ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਅਕਾਪੁਲਕੋ (2005, 2013 ਅਤੇ 2020) ’ਚ ਤਿੰਨ ਖ਼ਿਤਾਬ ਜਿੱਤਣ ਵਾਲੇ ਨਡਾਲ ਦਾ ਅਗਲਾ ਮੁਕਾਬਲਾ ਸਟੀਫਨ ਕੋਜਲੋਵ ਨਾਲ ਹੋਵੇਗਾ।
ਉਥੇ, ਡੇਨੀਅਲ ਮੇਦਵੇਦੇਵ ਨੇ ਬੇਨੋਈਟ ਪਾਇਰ ਨੂੰ 6-3, 6-4 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰਨ ਦੇ ਨਾਲ ਵਿਸ਼ਵ ਦੀ ਨੰਬਰ ਇਕ ਰੈਂਕਿੰਗ ਹਾਸਲ ਕਰਨ ਦੀ ਆਪਣੀ ਕਵਾਇਦ ਜਾਰੀ ਰੱਖੀ। 26 ਸਾਲਾਂ ਦੇ ਰੂਸ ਦੇ ਮੇਦਵੇਦੇਵ ਇੱਥੇ ਖ਼ਿਤਾਬ ਜਿੱਤਣ ’ਚ ਸਫਲ ਰਹਿੰਦੇ ਹਾਂ ਤਾਂ ਉਹ ਨੋਵਾਕ ਜੋਕੋਵਿਕ ਨੂੰ ਹਟਾ ਕੇ ਸਿਖਰ ’ਤੇ ਕਾਬਜ਼ ਹੋ ਜਾਣਗੇ। ਪਿਛਲੇ ਸਾਲ ਯੂਐੱਸ ਓਪਨ ਦੇ ਜੇਤੂ ਅਤੇ ਇਸ ਸਾਲ ਆਸਟ੍ਰੇਲੀਅਨ ਓਪਨ ’ਚ ਉਪ ਜੇਤੂ ਰਹੇ ਮੇਦਵੇਦੇਵ ਪਹਿਲੀ ਵਾਰ ਮੈਕਸਿਕਨ ਓਪਨ ’ਚ ਖੇਡ ਰਹੇ ਹਨ। ਮੇਦਵੇਦੇਵ ਜੇਕਰ ਇਹ ਟੂਰਨਾਮੈਂਟ ਜਿੱਤ ਜਾਂਦੇ ਹਨ ਜਾਂ ਫਾਈਨਲ ’ਚ ਪਹੁੰਚਦੇ ਹਨ ਅਤੇ ਜੋਕੋਵਿਕ ਦੁਬਈ ’ਚ ਨਹੀਂ ਜਿੱਤ ਪਾਉਂਦੇ ਹਨ ਤਾਂ ਫਿਰ ਉਹ 2004 ਤੋਂ ਬਾਅਦ ਨੰਬਰ ਇਕ ’ਤੇ ਪਹੁੰਚਣ ਵਾਲੇ ਪੰਜਵੇਂ ਖਿਡਾਰੀ ਬਣ ਜਾਣਗੇ। ਪਿਛਲੇ 18 ਸਾਲਾਂ ਵਿਚ ਜੋਕੋਵਿਕ, ਰੋਜਰ ਫੈਡਰਰ, ਰਾਫੇਲ ਨਡਾਲ ਅਤੇ ਐਂਡੀ ਮਰੇ ਹੀ ਸਿਖਰ ’ਤੇ ਪਹੁੰਚੇ ਹਨ। ਮੇਦਵੇਦੇਵ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਹਾਰਨ ਤੋਂ ਬਾਅਦ ਪਹਿਲੀ ਵਾਰ ਇੱਥੇ ਸੈਮੀਫਾਈਨਲ ’ਚ ਨਡਾਲ ਨਾਲ ਭਿੜ ਸਕਦੇ ਹਨ।ਹੋਰਨਾਂ ਮੈਚਾਂ ’ਚ ਸਟੇਫਾਨੋਸ ਸਿਤਸਿਪਾਸ ਨੇ ਲਾਸਲੋ ਜੇਰੇ ਨੂੰ 7-6 (7), 7-6 (4) ਨਾਲ ਹਰਾਇਆ। ਟਾਮੀ ਪਾਲ ਨੇ ਪੰਜਵੀਂ ਰੈਂਕਿੰਗ ਪ੍ਰਾਪਤ ਮੈਟਿਓ ਬੇਰੇਟਿਨੀ ਦੇ ਦੂਜੇ ਸੈੱਟ ਵਿਚ ਪੇਟ ਦਰਦ ਕਾਰਨ ਹਟ ਜਾਣ ਤੋਂ ਬਾਅਦ ਦੂਜੇ ਦੌਰ ’ਚ ਥਾਂ ਬਣਾਈ, ਜਦਕਿ ਯੋਸ਼ੀਹਿਤੋ ਨਿਸ਼ੀਯੋਕਾ ਨੇ ਫੇਲੀ ਸਿਆਨੋ ਲੋਪੇਜ ਨੂੰ 2-6, 6-0, 6-4 ਨਾਲ ਹਰਾਇਆ। ਕੈਮਰੂਨ ਨੋਰੀ ਨੇ ਡੇਨੀਅਲ ਅਲਤਮੇਅਰ ਨੂੰ 7-6 (5), 6-2 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਜੌਨ ਇਸਨਰ ਨਾਲ ਹੋਵੇਗਾ। ਜੌਨ ਮਿਲਮੈਨ ਦੇ ਦੂਜੇ ਸੈੱਟ ’ਚ ਹਟਣ ਕਾਰਨ ਮਾਰਕੋਸ ਗਿਰੋਨ ਵੀ ਅੱਗੇ ਵਧਣ ’ਚ ਸਫਲ ਰਹੇ।ਰੂਬਲੇਵ ਨੇ ਇਵਾਂਸ ਨੂੰ ਹਰਾਇਆ, ਖਾਚਨੋਵ ਦਾ ਸਾਹਮਣਾ ਜੋਕੋਵਿਕ ਨਾਲ
ਦੁਬਈ ( ਆਪਣਾ ਨੌਵਾਂ ਟੂਰ ਖ਼ਿਤਾਬ ਜਿੱਤਣ ਦੇ ਦੋ ਦਿਨ ਬਾਅਦ ਦੂਜੀ ਰੈਂਕਿੰਗ ਪ੍ਰਾਪਤ ਆਂਦਰੇ ਰੂਬਲੇਵ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਦੌਰ ’ਚ ਡੇਨੀਅਲ ਇਵਾਂਸ ਨੂੰ 6-4, 7-5 ਨਾਲ ਹਰਾਇਆ। ਮਾਰਸੇਲੀ ’ਚ ਓਪਨ 13 ਟੂਰਨਾਮੈਂਟ ਦੇ ਫਾਈਨਲ ’ਚ ਫੈਲਿਕਸ ਆਗੁਰ ਅਲੀਸਾਮੀ ਨੂੰ ਹਰਾਉਣ ਵਾਲੇ ਰੂਸੀ ਖਿਡਾਰੀ ਰੂਬਲੇਵ ਅਗਲੇ ਦੌਰ ’ਚ ਦੱਖਣੀ ਕੋਰੀਆ ਦੇ ਸੂਨਵੂ ਕਵਾਨ ਨਾਲ ਭਿੜਨਗੇ, ਜਿਨ੍ਹਾਂ ਇਲੀਆ ਇਵਾਸ਼ਕਾ ਨੂੰ 6-3, 6-2 ਨਾਲ ਹਰਾਇਆ।
ਰੂਸ ਦੇ ਕਾਰੇਨ ਖਾਚਨੋਵ ਅਗਲੇ ਦੌਰ ’ਚ ਸਿਖਰਲੀ ਰੈਂਕਿੰਗ ਪ੍ਰਾਪਤ ਨੋਵਾਕ ਜੋਕੋਵਿਕ ਦਾ ਸਾਹਮਣਾ ਕਰਨਗੇ। ਖਾਚਨੋਵ ਨੇ ਪਹਿਲੇ ਦੌਰ ’ਚ ਅਲੈਕਸ ਡਿ ਮਿਨੋਰ ਨੂੰ 6-3, 6-7 (1), 7-5 ਨਾਲ ਹਰਾਇਆ।
ਜੋਕੋਵਿਕ ਨੇ ਸੋਮਵਾਰ ਨੂੰ ਲੋਰੇਂਜੋ ਮੁਸੇਟੀ ਨੂੰ 6-3, 6-3 ਨਾਲ ਹਰਾ ਕੇ ਸਾਲ 2022 ਦਾ ਆਪਣਾ ਪਹਿਲਾ ਮੈਚ ਜਿੱਤਿਆ ਸੀ। ਚੌਥੀ ਰੈਂਕਿੰਗ ਪ੍ਰਾਪਤ ਯਾਨਿਕ ਸਿਨਰ ਨੇ ਅਲੇਜਾਂਦ੍ਰੋ ਡੇਵੀਡੋਵਿਕ ਫੋਕਿਨਾ ਨੂੰ 4-6, 7-6 (6), 6-3 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਐਂਡੀ ਮਰੇ ਨਾਲ ਹੋਵੇਗਾ। ਅਮਰੀਕੀ ਕੁਆਲੀਫਾਇਰ ਮੈਕੇਂਜੀ ਮੈਕਡੋਨਾਲਡ ਨੇ ਰੂਸ ਦੇ ਸੱਤਵੀਂ ਰੈਂਕਿੰਗ ਪ੍ਰਾਪਤ ਅਸਲਾਨ ਕਰਾਤਸੇਵ ਨੂੰ 7-5, 6-3 ਨਾਲ ਮਾਤ ਦਿੱਤੀ। ਉਨ੍ਹਾਂ ਨੂੰ ਹੁਣ ਸਰਬੀਆ ਦੇ ਫਿਲਿਪ ਕ੍ਰਾਜਿਨੋਵਿਕ ਦਾ ਸਾਹਮਣਾ ਕਰਨਾ ਹੈ।