ਹਨੀ ਦੇ ਕੁੱਟਮਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ ਮੈਡੀਕਲ ਰਿਪੋਰਟ

ਜਲੰਧਰ : ਅੱਠ ਦਿਨ ਤਕ ਲਗਾਤਾਰ ਸਿਵਲ ਹਸਪਤਾਲ ਜਲੰਧਰ, ਫਿਰ ਸਿਵਲ ਹਸਪਤਾਲ ਕਪੂਰਥਲਾ ਤੇ ਉਸ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੀ ਮੈਡੀਕਲ ਰਿਪੋਰਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਵੱਲੋਂ ਲਾਏ ਜਾ ਰਹੇ ਕੁੱਟਮਾਰ ਦੇ ਦੋਸ਼ਾਂ ਦੀ ਪੋਲ ਖੋਲ੍ਹ ਰਹੀ ਹੈ। ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਭੁਪਿੰਦਰ ਸਿੰਘ ਹਨੀ ਵੱਲੋਂ ਸੱਤ ਦਿਨ ਦੇ ਰਿਮਾਂਡ ਦੌਰਾਨ ਈਡੀ ’ਤੇ ਤਸ਼ੱਦਦ ਕਰਨ ਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ’ਚ ਰਹਿਣ ਦੌਰਾਨ ਜੇਲ੍ਹ ’ਚ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ। ਮੈਡੀਕਲ ਰਿਪੋਰਟਾਂ ਨੇ ਹਨੀ ਦੇ ਦਾਅਵਿਆਂ ਨੂੰ ਆਧਾਰਹੀਣ ਦੱਸਿਆ ਹੈ। ਉੱਧਰ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਹੈ ਕਿ ਹਨੀ ਕੋਲੋਂ ਪੁੱਛਗਿੱਛ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਜੇਲ੍ਹ ਸਟਾਫ ਤਾਂ ਜੇਲ੍ਹ ’ਚ ਬੰਦ ਲੋਕਾਂ ਦੀ ਸੁਰੱਖਿਆ, ਉਨ੍ਹਾਂ ਦੇ ਖਾਣਪੀਣ ਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦਾ ਕੰਮ ਕਰ ਰਿਹਾ ਹੈ।