ਕਟੜਾ : ਜੋ ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਹੈਲੀਕਾਪਟਰ ਰਾਹੀਂ ਜਾਣਾ ਚਾਹੁੰਦੇ ਹਨ, ਉਹ ਸਾਵਧਾਨ ਰਹਿਣ। ਕੁਝ ਅਣਅਧਿਕਾਰਤ ਵੈੱਬਸਾਈਟਾਂ 'ਤੇ ਪੋਸਟ ਕੀਤੇ ਇਸ਼ਤਿਹਾਰਾਂ 'ਤੇ ਹੈਲੀਕਾਪਟਰ ਦੀਆਂ ਟਿਕਟਾਂ ਵੇਚ ਕੇ ਜਾਂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਤਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ, ਸ਼ਰਾਈਨ ਬੋਰਡ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਆਨਲਾਈਨ ਸੇਵਾਵਾਂ ਕੇਵਲ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਪ੍ਰਾਪਤ ਕਰੋ।
ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਵੱਲੋਂ ਆਨਲਾਈਨ ਧੋਖਾਧੜੀ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਸ਼ਰਧਾਲੂਆਂ ਨੂੰ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸਿਰਫ਼ ਟਿਕਟਾਂ ਦੀ ਬੁਕਿੰਗ ਲਈ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ www.maa vaishno devi.org ਅਤੇ ਮਾਤਾ ਵੈਸ਼ਨੋ ਦੇਵੀ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਰਮੇਸ਼ ਕੁਮਾਰ ਨੇ ਦੱਸਿਆ ਕਿ ਧੋਖੇਬਾਜ਼ਾਂ ਵੱਲੋਂ ਸ਼ਰਧਾਲੂਆਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਸਾਈਬਰ ਬ੍ਰਾਂਚ ਕੋਲ ਪਹਿਲਾਂ ਹੀ ਦਰਜ ਕਰਵਾਈਆਂ ਜਾ ਚੁੱਕੀਆਂ ਹਨ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਟੜਾ ਤੋਂ ਸਾਂਝੀਛੱਤ ਅਤੇ ਵਾਪਸ ਜਾਣ ਵਾਲੇ ਸ਼ਰਧਾਲੂਆਂ ਲਈ ਹੈਲੀਕਾਪਟਰ ਟਿਕਟਾਂ ਦੀ ਵਿਕਰੀ ਸ਼ਰਾਈਨ ਬੋਰਡ ਦਾ ਇਕਮਾਤਰ ਅਧਿਕਾਰ ਹੈ।
ਬੋਰਡ ਨੇ ਸਾਡੀ ਵੈੱਬਸਾਈਟ ਦੀ ਵਰਤੋਂ ਕਰਨ ਲਈ ਕਿਸੇ ਏਜੰਟ, ਏਜੰਸੀ ਜਾਂ ਵਿਅਕਤੀ ਨੂੰ ਅਧਿਕਾਰਤ ਨਹੀਂ ਕੀਤਾ ਹੈ। ਸਾਰੀਆਂ ਆਨਲਾਈਨ ਸੇਵਾਵਾਂ ਸ਼ਰਾਈਨ ਬੋਰਡ ਵੱਲੋਂ ਅਧਿਕਾਰਤ ਵੈੱਬਸਾਈਟ ਤੇ ਐਪ ਰਾਹੀਂ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਸੁਚੇਤ ਕਰਨ ਲਈ ਬੋਰਡ ਨੇ ਸਾਰੀਆਂ ਪ੍ਰਮੁੱਖ ਥਾਵਾਂ 'ਤੇ ਹੋਰਡਿੰਗ ਵੀ ਲਗਾਏ ਹਨ।