ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸੇਵਾਵਾਂ ਪੱਕੀਆਂ (ਰੈਗੂਲਰ) ਕਰਨ ਦਾ ਫ਼ੈਸਲਾ ਚੋਣਾਵੀਂ ਸਟੰਟ : ਅਮਨ ਅਰੋੜਾ

ਚੰਡੀਗੜ੍ਹ, 10 ਦਸੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸੇਵਾਵਾਂ ਪੱਕੀਆਂ (ਰੈਗੂਲਰ) ਕਰਨ ਦੇ ਫ਼ੈਸਲੇ ਨੂੰ ਚੋਣਾਵੀਂ ਸਟੰਟ (ਛੋਛਾ) ਕਰਾਰ ਦਿੱਤਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੀਤੇ ਫ਼ੈਸਲੇ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਹੋਏ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨੀ ਰਾਹੀਂ ਵਿਧਾਇਕ ਅਮਨ ਅਰੋੜਾ ਨੇ ਕਿਹਾ, ‘‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ, ਅਧਿਆਪਕਾਂ ਅਤੇ ਪੁਲੀਸ ਮੁਲਾਜ਼ਮਾਂ ਦੀ ਭਰਤੀ ਕਰਨ, ਬਿਜਲੀ ਅਤੇ ਰੇਤਾ ਸਸਤਾ ਕਰਨ, ਕੇਬਲ ਦਾ ਮੁੱਲ 100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਅਨੇਕਾਂ ਫ਼ੈਸਲੇ ਕੀਤੇ ਸਨ,  ਪਰ ਇਹ ਫ਼ੈਸਲੇ ਲਾਗੂ ਨਹੀਂ ਹੋਏੇ।’’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੌਣੇ ਪੰਜ ਸਾਲਾਂ ਵਿੱਚ ਤਾਂ ਕੋਈ ਲੋਕ ਹਿਤੈਸ਼ੀ ਕੰਮ ਨਹੀਂ ਕੀਤਾ, ਪਰ ਚੋਣਾ ਸਿਰ ’ਤੇ ਆ ਜਾਣ ਕਾਰਨ ਚੰਨੀ ਸਰਕਾਰ ਜਿੱਥੇ ਮੁਲਾਜ਼ਮਾਂ ਨੂੰ ਵਰਗਲਾਉਣ ਦੇ ਫ਼ੈਸਲੇ ਕਰ ਰਹੀ ਹੈ, ਉਥੇ ਹੀ ਆਮ ਲੋਕਾਂ ਨੂੰ ਸਸਤਾ ਰੇਤਾ, ਸਸਤੀ ਬਿਜਲੀ ਅਤੇ ਕੇਬਲ ਆਦਿ ਦੀਆਂ ਸੇਵਾਵਾਂ ਰਾਹੀਂ ਭਰਮਾਉਣ ਦੇ ਯਤਨ ਕਰ ਰਹੀ ਹੈ। 
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਕਰਾਰ ਵੱਲੋਂ ਸੂਬੇ ਦੇ ਕਰੀਬ 4587 ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਹੋਰ ਕਰਮਚਾਰੀਆਂ ਨੂੰ ਪੱਕੇ (ਰੈਗੂਲਰ) ਕਰਨ ਦੇ ਫ਼ੈਸਲੇ ਦਾ ਹਸ਼ਰ ਵੀ ਪਹਿਲਾਂ ਪੱਕੇ ਕੀਤੇ 36 ਹਜ਼ਾਰ ਕੱਚੇ ਮੁਲਾਜ਼ਮਾਂ ਜਿਹਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪੂਰੇ ਸਮੇਂ ਦੇ ਰਾਜਕਾਲ ਦੌਰਾਨ ਮੁਲਾਜ਼ਮ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਬੇਰੁਜ਼ਗਾਰ ਪੜ੍ਹੇ -ਲਿਖੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਮੰਗ ਕਰਦੇ ਹੋਏ ਪੁਲੀਸ ਦੀਆਂ ਡਾਗਾਂ ਖਾਂਦੇ ਰਹੇ ਹਨ। ਕਾਂਗਰਸ ਪਾਰਟੀ ਨੇ ਭਾਵੇਂ ਆਪਣਾ ਅਲੀ ਬਾਬਾ (ਮੁੱਖ ਮੰਤਰੀ) ਜ਼ਰੂਰ ਬਦਲ ਲਿਆ ਹੈ, ਪਰ ਪੰਜਾਬ ਦੇ ਹਲਾਤ ਨਹੀਂ ਬਦਲੇ। ਅੱਜ ਵੀ ਆਲਮ ਇਹ ਹੈ ਕਿ ਪੰਜਾਬ ਦੇ ਹਰ ਸ਼ਹਿਰ ਵਿੱਚ ਕੱਚੇ- ਪੱਕੇ ਮੁਲਾਜ਼ਮ ਅਤੇ ਬੇਰੁਜ਼ਗਾਰ ਨੌਜਵਾਨ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ, ਵੱਖ - ਵੱਖ ਥਾਂਵਾਂ ’ਤੇ ਨੌਜਵਾਨ ਆਪਣੀਆਂ ਮੰਗਾਂ ਲਈ ਪਾਣੀ ਦੀਆਂ ਟੈਂਕੀਆਂ ਅਤੇ ਟਾਵਰਾਂ ਆਦਿ ’ਤੇ ਮਹੀਨਿਆਂ ਬੱਧੀ ਚੜ੍ਹੇ ਬੱਠੇ ਹਨ। 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਲੋਚਨਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਐਲਾਨਜੀਤ ਮੁੱਖ ਮੰਤਰੀ ਨੇ ਸੂਬਾ ਭਰ ’ਚ ਮਸ਼ਹੂਰੀ ਬੋਰਡ, ਇਸ਼ਤਿਹਾਰ ਅਤੇ ਭਾਸ਼ਣਾਂ ਰਾਹੀਂ ਆਪਣੇ ਐਲਾਨਾਂ ਦਾ ਢੰਢੋਰਾ ਪਿੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਪੰਜਾਬ ਦੇ ਆਮ ਲੋਕ, ਨੌਜਵਾਨ ਅਤੇ ਮੁਲਾਜ਼ਮ ਵਰਗ ਹੁਣ ਜਾਗਰੂਕ ਹੋ ਚੁੱਕਾ ਹੈ। ਪੰਜਾਬ ਵਾਸੀ ਕਾਂਗਰਸ ਸਰਕਾਰ ਦੇ ਕਾਗਜੀ ਫ਼ੈਸਲਿਆਂ ਦੇ ਛਲਾਵੇ ਵਿੱਚ ਨਹੀਂ ਫਸਣਗੇ, ਜਿਹੜੇ ਚੋਣਾ ਦੇ ਮਹੌਲ ਵਿੱਚ  ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਝੂਠੀ ਇਸ਼ਤਿਹਾਰਬਾਜੀ ਅਤੇ ਫੋਕੇ ਐਲਾਨਾਂ ਨਾਲ ਕਾਂਗਰਸ ਸਰਕਾਰ ਆਪਣੀ ਡੁਬਦੀ ਕਿਸਤੀ ਨੂੰ ਹੁਣ ਬਚਾਅ ਨਹੀਂ ਸਕਦੀ।