ਕਾਲੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਨੂੰ ਹੋਈ 6 ਸਾਲ ਦੀ ਕੈਦ

ਸੈਕਰਾਮੈਂਟੋ 7 ਮਾਰਚ (ਹੁਸਨ ਲੜੋਆ ਬੰਗਾ)- ਕਨਸਾਸ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਇਕ ਸਾਹਫਿਆਮ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਇਹ ਘਟਨਾ 2019 ਦੀ ਹੈ ਜਦੋਂ ਕੇਮਰੋਨ  ਲੈਂਬ ਨਾਮੀ ਵਿਅਕਤੀ ਆਪਣੀ ਗੈਰਾਜ ਵਿਚ ਪਿਕਅੱਪ ਟਰੱਕ  ਲਾ ਰਿਹਾ ਕਿ ਅਚਾਨਕ ਵਾਪਰੇ ਘਟਨਾਕ੍ਰਮ ਵਿਚ ਤਤਕਾਲ ਪੁਲਿਸ ਅਧਿਕਾਰੀ ਏਰਿਕ ਡੇਵਾਲਕਨੇਰ ਦੀ ਗੋਲੀ ਨਾਲ ਲੈਂਬ ਦੀ ਮੌਤ ਹੋ ਗਈ ਸੀ। 16 ਵੀਂ ਜੁਡੀਸ਼ੀਅਲ ਸਰਕਟ ਕੋਰਟ ਦੇ ਬੁਲਾਰੇ ਵਾਲੇਰੀ ਹਾਰਟਮੈਨ ਨੇ ਦਸਿਆ ਕਿ ਏਰਿਕ ਨੂੰ ਗੈਰਇਰਾਦਾ ਕਤਲ ਲਈ 3 ਸਾਲ ਤੇ ਹਥਿਆਰਬੰਦ ਅਪਰਾਧਿਕ ਕਾਰਵਾਈ ਲਈ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਜ਼ਾ ਖਿਲਾਫ ਅਪੀਲ ਤੱਕ ਏਰਿਕ ਬਾਂਡ ਉਪਰ ਰਿਹਾਅ ਰਹੇਗਾ। ਜੱਜ ਜੇਮਜ ਡੇਲ ਯੰਗਜ ਨੇ ਪਿਛਲੇ  ਸਾਲ ਨਵੰਬਰ ਵਿਚ ਏਰਿਕ ਨੂੰ ਦੋਸ਼ੀ ਕਰਾਰ ਦਿੱਤਾ ਸੀ। ਲੈਂਬ ਦੀ ਮਾਂ ਲਾਊਰੀ ਬੇਅ ਨੇ ਫੈਸਲੇ ਨੂੰ ਉਚਿੱਤ ਕਰਾਰ ਦਿੱਤਾ ਹੈ। ਲੈਂਬ ਦੇ ਮਤਰੇਏ ਪਿਤਾ ਅਕਿਲ ਬੇਅ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਪੁਲਿਸ ਨੂੰ ਝਟਕਾ ਲੱਗੇਗਾ।