ਫ਼ਿਰੋਜ਼ਪੁਰ 7 ਮਾਰਚ
ਕਹਿੰਦੇ ਹਨ ਕਿ ਜਿਹੜੇ ਇਹ ਪਹਾੜਾਂ ਨਾਲ ਮੱਥਾ ਲਗਾ ਲੈਣ, ਸਫਲਤਾ ਓਹਨਾ ਦੇ ਪੈਰਾਂ ਵਿਚ ਹੁੰਦੀ ਹੈ। ਅਜਿਹੀ ਹੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਦੇ ਪਿੰਡ ਮਾਣਾ ਸਿੰਘ ਵਾਲਾ ਦੇ ਜੰਮਪਲ ਮਹਾਂਬਲੀ ਸ਼ੇਰਾ ਨੇ ਪੈਦਾ ਕਰ ਵਿਖਾਈ ਹੈ। ਮਹਾਂਬਲੀ ਸ਼ੇਰਾ ਨੇ ਅਮਰੀਕਾ ਵਿੱਚ 'ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ' ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ। ਓਹ ਇਸ ਖਿਤਾਬ ਨੂੰ ਜਿੱਤਣ ਵਾਲੇ ਪਹਿਲੇ ਰੈਸਲਰ ਬਣ ਗਏ ਹਨ।
ਸਵਰਗਵਾਸੀ ਨਛੱਤਰ ਸਿੰਘ ਰੰਧਾਵਾ ਦੇ ਘਰ ਜਨਮੇ ਅਮਨਪ੍ਰੀਤ ਸਿੰਘ ਰੰਧਾਵਾ ਉਰਫ ਮਹਾਂਬਲੀ ਸ਼ੇਰਾ ਨੇ ਇਹ ਖਿਤਾਬ ਆਪਣੇ ਪਿਤਾ ਦੇ ਨਾਮ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਸ਼ੇਰਾ ਸੰਸਾਰ ਦੇ ਪ੍ਰਸਿੱਧ ਮੁਕਾਬਲਿਆਂ ਵਿਚ ਫਤਹਿ ਹਾਸਲ ਕਰ ਚੁੱਕਾ ਹੈ। ਓ ਵੀ ਐਮ ਚੈਂਪੀਅਨਸ਼ਿਪ ਵਿੱਚ ਸ਼ੇਰਾ ਨੇ ਜੈਸੀ ਗੋਡਰੇਜ ਦੇ ਖਿਲਾਫ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ। ਲੁਈਸਵਿਲੇ, ਕੈਂਟਕੀ (ਅਮਰੀਕਾ) ਹੋਏ ਇਸ ਵਕਾਰੀ ਖਿਤਾਬ ਜਿੱਤ ਕੇ ਫ਼ਿਰੋਜਪੁਰ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਰੈਸਲਿੰਗ ਦੀ ਦੁਨੀਆ ਵਿਚ ਮਹਾਂਬਲੀ ਸ਼ੇਰਾ ਦੇ ਨਾਮ ਨਾਲ ਜਾਂਦੇ ਜਾਂਦੇ ਅਮਨਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਜ਼ਾਰਾ ਦੀ ਗਿਣਤੀ ਵਿਚ ਗੋਰੇ ਸਨ ਓਹਦਾ ਆਪਣਾ ਭਾਰਤੀ ਕੋਈ ਵੀ ਮਜ਼ੂਦ ਨਹੀਂ ਸੀ, ਜਦੋਂ ਗੋਰਿਆਂ ਨੇ ਓਸ ਲਈ ਖੁੱਲ ਕੇ ਤਾੜੀਆਂ ਮਾਰੀਆਂ ਤਾਂ ਓਸ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।
ਆਮ ਘਰ ਦੇ ਮਹਾਂਬਲੀ ਸ਼ੇਰਾ ਜੋ ਆਪਣੇ ਰੋਜ਼ਗਾਰ ਵਾਸਤੇ ਮੁਹਾਲੀ ਵਿਖੇ ਆਪਣੀ ਜਿਮ ਚਲਾ ਰਿਹਾ ਹੈ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਨਹੀਂ ਮਿਲੀ ਪਰ ਫਿਰ ਵੀ ਉਹ ਇਸ ਮੁਕਾਮ 'ਤੇ ਪੁੱਜ ਚੁੱਕਾ ਹੈ।
ਫਿਰੋਜ਼ਪੁਰ ਕੰਟੋਨਮੈਂਟ ਬੋਰਡ ਦੇ ਸਾਬਕਾ ਮੈਂਬਰ ਜ਼ੋਰਾ ਸਿੰਘ ਸੰਧੂ ਨੇ ਕਿਹਾ ਕਿ ਮਹਾਂਬਲੀ ਸ਼ੇਰਾ ਦੀ ਜਿੱਤ ਨਾਲ ਜਿੱਥੇ ਨੌਜਵਾਨਾਂ ਦਾ ਹੌਸਲਾ ਵਧੇਗਾ ਉੱਥੇ ਹੀ ਫਿਰੋਜ਼ਪੁਰ ਲਈ ਬੜੇ ਵੱਡੀ ਮਾਣ ਵਾਲੀ ਗੱਲ ਹੈ। ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਨੇ ਕਿਹਾ ਕਿ ਸਰਕਾਰ ਅਜਿਹੇ ਨੌਜਵਾਨਾਂ ਦੀ ਮਦਦ ਲਈ ਅੱਗੇ ਆਵੇ। ਓਹਨਾ ਮੰਗ ਕੀਤੀ ਕਿ ਪੰਜਾਬ ਸਰਕਾਰ ਮਹਾਂਬਲੀ ਸ਼ੇਰਾ ਨੂੰ ਖੇਡ ਅਕੈਡਮੀ ਖੋਲ੍ਹ ਕੇ ਦੇਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਪ੍ਰਤੀ ਉਤਸ਼ਾਹ ਹੋ ਕੇ ਅੱਗੇ ਆਉਣ।ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।