ਗ਼ੁਰਬਤ ’ਚੋਂ ਹੀਰਾ ਬਣ ਕੇ ਨਿਕਲੀ ਕੁਲਬੀਰ ਕੌਰ

ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ 11ਵੀਂ ਸਦੀ ’ਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ’ਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ ਸਾਹਿਬ ਨਾਲ ਸਬੰਧਿਤ ਸ਼ਹਿਰ ਮੋਰਿੰਡਾ ਵਿਖੇ ਰਿਕਸ਼ਾ ਚਾਲਕ ਓਮ ਪ੍ਰਕਾਸ਼ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ 4 ਫਰਵਰੀ 1987 ਨੂੰ ਪੈਦਾ ਹੋਈ ਕੁਲਬੀਰ ਕੌਰ ਨੇ ਵੇਟਲਿਫਟਿੰਗ ਦੀ ਖੇਡ ’ਚ ਮੀਲ ਪੱਥਰ ਕਾਇਮ ਕੀਤਾ ਹੈ । ਮਾਪਿਆਂ ਨੇ ਆਪਣੀ ਇਕਲੌਤੀ ਸੰਤਾਨ ਦਾ ਨਾਂ ਰਿੰਪੀ ਰਾਣੀ ਰੱਖਿਆ ਸੀ ਪਰ ਪਿਤਾ ਓਮ ਪ੍ਰਕਾਸ਼ ਜਦੋਂ ਆਪਣੀ ਲਾਡਲੀ ਧੀ ਨੂੰ ਸਕੂਲੇ ਦਾਖ਼ਲ ਕਰਵਾਉਣ ਲਈ ਗਏ ਤਾਂ ਸਕੂਲ ਅਧਿਆਪਕਾ ਅਨੀਤਾ ਨੇ ਹਾਜ਼ਰੀ ਰਜਿਸਟਰ ’ਚ ਉਸ ਦਾ ਨਾਂ ਰਿੰਪੀ ਰਾਣੀ ਲਿਖਣ ਦੀ ਬਜਾਏ ਕੁਲਬੀਰ ਕੌਰ ਲਿਖ ਦਿੱਤਾ, ਜੋ ਉਸ ਦੇ ਪਿਤਾ ਜੀ ਨੇ ਬਿਨਾਂ ਕਿਸੇ ਪ੍ਰਤੀਕਿਰਿਆ ਤੋਂ ਸਵੀਕਾਰ ਕਰ ਲਿਆ ।

ਬਾਰ੍ਹਵੀਂ ਜਮਾਤ ’ਚ ਪੜ੍ਹਦੀ ਇਸ ਮਿਹਨਤੀ ਕੁੜੀ ਨੂੰ ਪੰਜਾਬ ਰਾਜ ਖੇਡਾਂ ਦੌਰਾਨ ਵੇਟਲਿਫਟਿੰਗ ਦੇ ਅੰਡਰ-16 ਮੁਕਾਬਲਿਆਂ ’ਚ ਸੋਨ ਤਗਮਾ ਤੇ ਕੌਮੀ ਖੇਡਾਂ ’ਚ ਚਾਂਦੀ ਤਮਗਾ ਜੇਤੂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗ੍ਰੈਜੂਏਸ਼ਨ ਦੇ ਪਹਿਲੇ ਸਾਲ ਅੰਤਰ ਕਾਲਜ ਮੁਕਾਬਲਿਆਂ ਦੌਰਾਨ ਹੈਮਰ ਥਰੋਅ ’ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਉਸ ਨੇ 2003 ’ਚ ਆਪਣਾ ਸਾਰਾ ਰੁਝਾਨ ਵੇਟਲਿਫਟਿੰਗ ਵੱਲ ਕਰ ਲਿਆ।

2004 ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ’ਚ ਮੋਰਿੰਡਾ ਕਾਲਜ ਦੇ ਸਾਰੇ ਭਾਰਤੋਲਕਾਂ ਨੇ ਤਗਮੇ ਜਿੱਤੇ ਪਰ ਉਸ ਨੂੰ ਬੇਰੰਗ ਹੀ ਵਾਪਿਸ ਮੁੜਨਾ ਪਿਆ । ਇਸ ਹਾਰ ਨੇ ਉਸ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਤਾਂ ਪ੍ਰੇਰਿਤ ਕੀਤਾ ਪਰ ਘਰ ’ਚ ਅੱਤ ਦੀ ਗ਼ਰੀਬੀ ਹੋਣ ਕਾਰਨ ਉਸ ਕੋਲ ਚੰਗੀ ਖ਼ੁਰਾਕ ਤੇ ਖੇਡ ਕਿੱਟ ਲਈ ਪੈਸੇ ਨਹੀਂ ਸਨ । ਗ਼ੁਰਬਤ ਭਰੇ ਦਿਨ ਗੁਜ਼ਾਰਨ ਵਾਲੀ ਇਸ ਮੁਟਿਆਰ ਨੇ ਫਿਰ ਵੀ ਕਦੇ ਹੌਸਲਾ ਨਹੀਂ ਹਾਰਿਆ ਸੀ । ਪੁਰਾਣੇ ਦਿਨਾਂ ਦੀਆਂ ਯਾਦਾਂ ’ਚ ਡੁੱਬੀ ਉਹ ਕਦੇ-ਕਦੇ ਭਾਵੁਕ ਹੋ ਜਾਂਦੀ ਹੈ। ਕੋਚ ਦਵਿੰਦਰ ਸ਼ਰਮਾ ਵੱਲੋਂ ਉਸ ਦੇ ਨਾਜ਼ੁਕ ਦੌਰ ’ਚ ਹਰੇਕ ਪੱਖ ਤੋਂ ਡਟ ਕੇ ਕੀਤੀ ਮਦਦ ਨੂੰ ਉਹ ਆਪਣੇ ਚਿੱਤ ’ਚ ਸਮੋਈ ਬੈਠੀ ਹੈ ।