ਬਲੋਚਿਸਤਾਨ ’ਚ ਧਮਾਕਾ, ਤਿੰਨ ਦੀ ਮੌਤ, 30 ਜ਼ਖ਼ਮੀ

\ਕਰਾਚੀ  : ਪਾਕਿਸਤਾਨ ਦੇ ਉੱਤਰ ਪੱਛਮੀ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਮੰਗਲਵਾਰ ਨੂੰ ਹੋਏ ਇਕ ਬੰਬ ਧਮਾਕੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 30 ਜ਼ਖ਼ਮੀ ਹੋ ਗਏ। ਇਹ ਧਮਾਕਾ ਸੂਬੇ ਦੇ ਸਿਬੀ ਜ਼ਿਲ੍ਹੇ ’ਚ ਵਾਪਰਿਆ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਪਿਸ਼ਾਵਰ ’ਚ ਸ਼ਿਆ ਮਸਜਿਦ ’ਚ ਆਤਮਘਾਤੀ ਧਮਾਕੇ ’ਚ 63 ਲੋਕ ਮਾਰੇ ਗਏ ਸਨ ਤੇ ਕਰੀਬ 200 ਲੋਕ ਜ਼ਖ਼ਮੀ ਹੋ ਗਏ ਸਨ।

ਸਿਬੀ ਦੇ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਧਮਾਕੇ ਤੋਂ ਬਾਅਦ ਤਿੰਨ ਲਾਸ਼ਾਂ ਲਿਆਉਣ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ਦੀ ਅਜੇ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ। ਸੂਬੇ ਦੇ ਮੁੱਖ ਮੰਤਰੀ ਮੀਰ ਅਬਦੁਲ ਕੁੱਦੁਸ ਬਿੰਜੇਜੋ ਨੇ ਹਮਲੇ ਦੀ ਨਿੰਦਾ ਕੀਤੀ ਤੇ ਅਧਿਕਾਰੀਆਂ ਨੂੰ ਧਮਾਕੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਮੈਡੀਕਲ ਸਹੂਲਤ ਮੁਹਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਅਫ਼ਗਾਨਿਸਤਾਨ ਤੇ ਈਰਾਨ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਨਾਲ ਜੂਝ ਰਿਹਾ ਹੈ। ਬਲੋਚ ਬਾਗ਼ੀ ਖੇਤਰ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪ੍ਰਾਜੈਕਟ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕਰ ਚੁੱਕੇ ਹਨ।