ਨਵਜੋਤ ਸਿੱਧੂ ਦੇ ਬਿਆਨ 'ਤੇ ਇਤਰਾਜ਼ ਕਰਨ ਵਾਲੇ ਹੈੱਡ ਕਾਂਸਟੇਬਲ ਦਾ ਡੋਪ ਟੈਸਟ ਪਾਜ਼ੇਟਿਵ

\ਅੰਮ੍ਰਿਤਸਰ : ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪੁਲਿਸ ਦੀ ਪੈਂਟ ਗਿੱਲੀ ਕਰਨ ਵਾਲੇ ਬਿਆਨ ’ਤੇ ਇਤਰਾਜ਼ ਕਰਨ ਵਾਲੇ ਹੈਂਡ ਕਾਂਸਟੇਬਲ ਸੰਦੀਪ ਸਿੰਘ ਦਾ ਡੋਪ ਟੈਸਟ (Dope Test) ਪਾਜ਼ੇਟਿਵ ਪਾਇਆ ਗਿਆ ਹੈ। ਮੰਗਲਵਾਰ ਦੀ ਦੁਪਹਿਰ ਸਿਵਲ ਹਸਪਤਾਲ ਤੋਂ ਮਿਲੀ ਰਿਪੋਰਟ ਤੋਂ ਬਾਅਦ ਉਚ ਅਧਿਕਾਰੀਆਂ ਨੇ ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਏਸੀਪੀ (ਪੂਰਬੀ) ਅਭਿਮੰਨਿਯੂ ਰਾਣਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪੁਲਿਸ ਮੁਤਾਬਕ ਸੰਦੀਪ ਸਿੰਘ ਖ਼ਿਲਾਫ਼ ਇਕ ਔਰਤ ਨੇ ਕੁੱਟਮਾਰ ਦੇ ਦੋਸ਼ ’ਚ ਸ਼ਿਕਾਇਤ ਦਿੱਤੀ ਸੀ। ਜਦੋਂ ਪੁੱਛਗਿੱਛ ਕਰਨ ਲਈ ਸੰਦੀਪ ਸਿੰਘ ਨੂੰ ਬੁਲਾਇਆ ਗਿਆ ਤਾਂ ਉਹ ਥਾਣੇ ਨਹੀਂ ਪੁੱਜਾ। ਇਸ ਪਿੱਛੋਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਚ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਉਸ ਨੇ ਨਸ਼ਾ ਕੀਤਾ ਹੋਇਆ ਹੈ। ਉਸੇ ਸਮੇਂ ਉਸ ਦਾ ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਇਆ ਗਿਆ, ਜੋ ਪਾਜ਼ੇਟਿਵ ਪਾਇਆ ਗਿਆ।

ਦੱਸਣਯੋਗ ਹੈ ਕਿ ਹੈੱਡ ਕਾਂਸਟੇਬਲ ਸੰਦੀਪ ਸਿੰਘ ਵਰਤਮਾਨ ’ਚ ਕੋਤਵਾਲੀ ਥਾਣੇ ਦੇ ਅਧੀਨ ਪੈਂਦੇ ਇਕ ਮੰਦਰ ਦੇ ਬਾਹਰ ਕੁਇਕ ਐਕਸ਼ਨ ਟੀਮ ਦਾ ਮੈਂਬਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਥਾਣੇਦਾਰ ਦੀ ਪੈਂਟ ਗਿੱਲੀ ਕਰਨ ਵਾਲਾ ਬਿਆਨ ਦਿੱਤਾ ਸੀ। ਇਸ ’ਤੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਇਤਰਾਜ਼ ਪ੍ਰਗਟਾਇਆ ਸੀ। ਸੰਦੀਪ ਨੇ ਕਿਹਾ ਸੀ ਕਿ ਉਹ ਥਾਣੇਦਾਰ ਤਾਂ ਨਹੀਂ ਹੈ ਸਿਰਫ ਇਕ ਹੈੱਡ ਕਾਂਸਟੇਬਲ ਹੈ। ਸੰਦੀਪ ਨੇ ਕਿਹਾ ਸੀ ਕਿ ਉਹ ਨਵਜੋਤ ਸਿੰਘ ਨੂੰ ਚੁਣੌਤੀ ਦਿੰਦਾ ਹੈ ਕਿ ਸਿੱਧੂ ਉਸ ਨੂੰ ਦਬਕਾ ਮਾਰਨ, ਜੇਕਰ ਉਸ ਦੇ ਮੱਥੇ ’ਤੇ ਪਸੀਨੇ ਦੀ ਇਕ ਬੂੰਦ ਵੀ ਆਈ ਤਾਂ ਉਹ ਸਿੱਧੂ ਦਾ ਜੂਠਾ ਪਾਣੀ ਪੀਣੇ।