ਜਿੱਤ ਦਾ ਜਸ਼ਨ ਨਹੀਂ ਮਨਾ ਸਕਣਗੇ ਉਮੀਦਵਾਰ, ਜੇਤੂ ਉਮੀਦਵਾਰ ਸਰਟੀਫਿਕੇਟ ਲੈਣ ਜਾਏਗਾ ਦੋ ਲੋਕਾਂ ਦੇ ਨਾਲ

ਚੰਡੀਗੜ੍ਹ : ਪੰਜਾਬ ’ਚ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਸ ਨੂੰ ਜਿੱਤ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਮੀਦਵਾਰ ਜਿੱਤ ਦੇ ਬਾਅਦ ਜੇਤੂ ਰੈਲੀ ਨਹੀਂ ਕੱਢ ਸਕੇਗਾ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ, ਉਹ ਖ਼ੁਦ ਜਾਂ ਉਸ ਦਾ ਨੁਮਾਇੰਦਾ ਸਿਰਫ਼ ਦੋ ਲੋਕਾਂ ਨਾਲ ਜਿੱਤ ਦਾ ਸਰਟੀਫਿਕੇਟ ਲੈਣ ਜਾ ਸਕੇਗਾ। ਡਾ. ਰਾਜੂ ਨੇ ਕਿਹਾ ਕਿ ਚੋਣ ਨਤੀਜੇ \\www.ceopunjab.gov.in ਤੇ \\results.eci.gov.in ’ਤੇ ਦੇਖੇ ਜਾ ਸਕਣਗੇ। ਇਸਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਈਲ ਐਪ ’ਤੇ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵੋਟਾਂ ਦੇ ਗਿਣਤੀ ਕੇਂਦਰਾਂ ’ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਮੁਤਾਬਕ ਵੱਧ ਤੋਂ ਵੱਧ 14 ਕਾਊਂਟਿੰਗ ਟੇਬਲ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਲੇਟ ਪੇਪਰਾਂ ਦੀਆਂ ਵੋਟਾਂ ਦੀ ਗਿਣਤੀ ਲਈ ਵੱਖਰੇ ਟੇਬਲ ਲਗਾਏ ਗਏ ਹਨ। ਹਰ ਰਾਊਂਡ ਦੀ ਗਿਣਤੀ ਪੂਰੀ ਹੋਣ ’ਤੇ ਨਤੀਜਾ ਅਪਡੇਟ ਕੀਤਾ ਜਾਵੇਗਾ। ਹਰ ਇਕ ਘੰਟੇ ਬਾਅਦ ਨਤੀਜਿਆਂ ਨੂੰ ਅਪਡੇਟ ਕੀਤਾ ਜਾਵੇਗਾ।