ਚੰਨੀ ਨੂੰ ਹਰਾਉਣ ਵਾਲੇ ਮੋਬਾਈਲ ਰਿਪੇਅਰ ਕਰਨ ਵਾਲੇ ਨੌਜਵਾਨ ਨੇ ਦੱਸੀ ਜਿੱਤ ਦੀ ਵਜ੍ਹਾ.

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੀਰਵਾਰ ਨੂੰ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ- ਭਦੌੜ (Bhadaur) ਅਤੇ ਚਮਕੌਰ ਸਾਹਿਬ (Chamkaur Sahib) - ਆਮ ਆਦਮੀ ਪਾਰਟੀ (AAP) ਦੇ ਉਮੀਦਵਾਰਾਂ ਤੋਂ ਹਾਰ ਗਏ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਚੰਨੀ ਨੂੰ ਭਦੌੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ (Labh Singh Ugoke) ਨੇ 37,558 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।

ਪੰਜਾਬ ਵਿੱਚ ‘ਆਪ’ ਦੀ ਵੱਡੀ ਅਤੇ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ: “ਕੀ ਤੁਸੀਂ ਜਾਣਦੇ ਹੋ ਕਿ ਚਰਨਜੀਤ ਸਿੰਘ ਚੰਨੀ ਨੂੰ ਕਿਸ ਨੇ ਹਰਾਇਆ? 'ਆਪ' ਉਮੀਦਵਾਰ ਲਾਭ ਸਿੰਘ ਉਗੋਕੇ, ਜੋ ਮੋਬਾਈਲ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਦਾ ਹੈ।ਕੌਣ ਹਨ ਲਾਭ ਸਿੰਘ ਉਗੋਕੇ?


ਲਾਭ ਸਿੰਘ ਉਗੋਕੇ 2013 ਵਿੱਚ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ।  ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ ਲਾਭ ਸਿੰਘ ਉਗੋਕੇ ਕੋਲ ਸਿਰਫ਼ 75 ਹਜ਼ਾਰ ਰੁਪਏ ਨਕਦ ਹਨ। ਇਸ ਤੋਂ ਇਲਾਵਾ ਉਸ ਕੋਲ 2014 ਮਾਡਲ ਦੀ ਪੁਰਾਣੀ ਸਾਈਕਲ ਅਤੇ ਦੋ ਕਮਰਿਆਂ ਵਾਲਾ ਮਕਾਨ ਹੈ। ਟਿਕਟ ਮਿਲਣ ਤੋਂ ਬਾਅਦ ਲਾਭ ਸਿੰਘ ਉੱਗੋਕੇ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਸਾਡੇ ਪਰਿਵਾਰ ਨੇ ਤਾਂ ਹਮੇਸ਼ਾ ਬੱਸ ਜਾਂ ਰੇਲ ਦੀ ਟਿਕਟ ਹੀ ਮਸਾ ਦੇਖਦੇ ਸੀ, ਐਮਐਲਏ ਦੀ ਟਿਕਟ ਸਾਨੂੰ ਆਮ ਆਦਮੀ ਪਾਰਟੀ ਨੇ ਦੇ ਕੇ ਗਰੀਬਾਂ ਦੀ ਹਤੇਸੀ ਤੇ ਪੰਜਾਬ ਲਈ ਫ਼ਿਕਰਮੰਦ ਦਾ ਹਵਾਲਾ ਦਿੱਤਾ ਸੀ। ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਨੂੰ ਹਲਕਾ ਭਦੌੜ ਤੋਂ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਮੁਬਾਰਕਵਾਦ ਮਿਲ ਰਹੀ ਹੈ।

ਉਗੋਕੇ ਦਾ ਪਿਤਾ ਇੱਕ ਮਜ਼ਦੂਰ, ਮਾਂ ਪ੍ਰਾਈਵੇਟ ਸਕੂਲ ਵਿੱਚ ਚੌਥੇ ਦਰਜੇ ਦੀ ਮੁਲਾਜ਼ਮ

ਲਾਭ ਸਿੰਘ ਦੀ ਮਾਤਾ ਵੀ ਇਕ ਸਰਕਾਰੀ ਸਕੂਲ ’ਚ ਪ੍ਰਾਈਵੇਟ ਤੌਰ ’ਤੇ ਦਰਜਾ ਚਾਰ ਕਰਮਚਾਰੀ ਵਜੋਂ ਕੰਮ ਕਰਦੀ ਹੈ। ਉਸ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਪਤਨੀ ਘਰੇਲੂ ਔਰਤ ਹੈ ਤੇ ਲਾਭ ਸਿੰੰਘ ਦੇ ਦੋ ਬੱਚੇ ਹਨ। ਲਾਭ ਸਿੰਘ ਪਿਛਲੇ 10 ਸਾਲਾਂ ਤੋਂ 'ਆਪ' ਨਾਲ ਜੁੜੇ ਹੋਏ ਹਨ। ਉਹ ਭਗਵੰਤ ਮਾਨ ਦੇ ਕਰੀਬੀ ਹਨ।

ਜਿੱਤ ਦਾ ਪਹਿਲਾਂ ਹੀ ਭਰੋਸਾ ਸੀ

ਲਾਭ ਸਿੰਘ ਉਗੋਕੇ ਨੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਹੀ ਭਰੋਸਾ ਪ੍ਰਗਟਾਇਆ ਸੀ ਕਿ ਚੰਨੀ ਨੂੰ ਇਸ ਰਾਖਵੀਂ ਸੀਟ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। 35 ਸਾਲਾ ਉਗੋਕੇ ਨੇ ਚੰਨੀ ਦੇ 'ਆਮ' ਪਿਛੋਕੜ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਚੰਨੀ ਨੇ ਆਮ ਆਦਮੀ ਦਾ ਮਖੌਟਾ ਪਾਇਆ ਹੋਇਆ ਹੈ। ਉਗੋਕੇ ਨੇ ਦਾਅਵਾ ਕੀਤਾ ਕਿ ਚੰਨੀ ਨੂੰ ਭਦੌੜ ਵਿਧਾਨ ਸਭਾ ਦੇ ਮੁੱਦਿਆਂ ਦੀ ਬਿਲਕੁਲ ਵੀ ਸਮਝ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।'' ਉਨ੍ਹਾਂ ਕਿਹਾ,''ਮੇਰੇ ਵਿਧਾਨ ਸਭਾ ਹਲਕੇ ਵਿੱਚ 74 ਪਿੰਡ ਹਨ ਅਤੇ ਮੈਂ ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹਾਂ, ”

ਉਨ੍ਹਾਂ ਕਿਹਾ, "ਮੇਰੇ ਲਈ ਭਦੌੜ ਵਿਧਾਨ ਸਭਾ ਸੀਟ ਨਹੀਂ, ਸਗੋਂ ਮੇਰਾ ਪਰਿਵਾਰ ਹੈ। ਚੰਨੀ ਸਾਹਿਬ ਨੂੰ ਹਲਕੇ ਦੇ 10 ਪਿੰਡਾਂ ਦੇ ਨਾਂ ਵੀ ਨਹੀਂ ਪਤਾ। ਚੰਨੀ ਸਾਹਿਬ ਲਈ ਭਦੌੜ ਸਿਰਫ਼ ਇੱਕ ਵਿਧਾਨ ਸਭਾ ਸੀਟ ਹੈ।" ਲਾਭ ਸਿੰਘ ਉਗੋਕੇ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਲੋਕਾਂ ਨੇ 1952 ਦਾ ਇਤਿਹਾਸ ਦੁਹਰਾਇਆ: ਲਾਭ ਸਿੰਘ ਉਗੋਕੇ

ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮੈਨੂੰ ਪਿੱਛੇ ਹਟਣ ਲਈ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਦੀ ਆਡੀਓ ਮੇਰੇ ਕੋਲ ਹੈ। ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਹ ਨਿਜ਼ਾਮ ਨੂੰ ਬਦਲਣ ਦੀ ਲੜਾਈ ਲੜ ਰਹੇ ਹਨ, ਕਿਸੇ ਵੀ ਕੀਮਤ 'ਤੇ ਆਪਣੀ ਜ਼ਮੀਰ ਨਹੀਂ ਬਦਲ ਸਕਦੇ ਕਿਉਂਕਿ ਕੁਲੀਆਂ ਦੀ ਲੜਾਈ ਮਹਿਲਾਂ ਵਾਲਿਆਂ ਨਾਲ ਸੀ ਪਰ ਭਦੌੜ ਦੇ ਜੁਝਾਰੂ ਲੋਕਾਂ ਨੇ ਸਰਮਾਏਦਾਰ ਚੰਨੀ ਨੂੰ ਭਾਰੀ ਬਹੁਮਤ ਨਾਲ ਹਰਾਇਆ। 1952 ਦਾ ਇਤਿਹਾਸ ਦੁਹਰਾਇਆ ਗਿਆ ਹੈ।

ਉਸਨੇ ਦੱਸਿਆ ਕਿ 1952 ਵਿੱਚ ਗਰੀਬ ਅਰਜਨ ਸਿੰਘ ਇੱਕ ਰਾਜੇ ਦੇ ਖਿਲਾਫ ਚੋਣ ਲੜ ਰਿਹਾ ਸੀ। ਅਰਜਨ ਸਿੰਘ ਬੈਲ ਗੱਡੀਆਂ 'ਤੇ ਚੋਣ ਪ੍ਰਚਾਰ ਕਰਦਾ ਸੀ ਪਰ ਰਾਜੇ ਕੋਲ ਸਾਰੇ ਸਾਧਨ ਸਨ ਅਤੇ ਉਸ ਰਾਜੇ ਨੇ ਉਸ ਸਮੇਂ ਆਪਣੀ ਚੋਣ 'ਤੇ ਇਕ ਲੱਖ ਰੁਪਏ ਖਰਚ ਕੀਤੇ ਸਨ ਪਰ ਭਦੌੜ ਦੇ ਲੋਕਾਂ ਨੇ ਅਰਜਨ ਸਿੰਘ ਨੂੰ ਜਿੱਤ ਦਿਵਾਈ ਅਤੇ ਰਾਜੇ ਨੂੰ ਹਰਾ ਕੇ ਉਸਦੀ ਹਉਮੈ ਤੋੜ ਦਿੱਤੀ। ਇਸ ਵਾਰ ਵੀ ਭਦੌੜ ਵਿੱਚ ਅਜਿਹਾ ਹੀ ਹੋਇਆ ਹੈ ਅਤੇ ਉਹ ਹਲਕਾ ਭਦੌੜ ਨੂੰ ਦਿੱਲੀ ਮਾਡਲ ਵਾਂਗ ਵਿਕਸਤ ਕਰਨਗੇ।

ਕਿਸਨੂੰ ਕਿੰਨੀਆਂ ਵੋਟਾਂ ਮਿਲੀਆਂ

ਲਾਭ ਸਿੰਘ ਉਗੋਕੇ (ਆਪ) - 63,514, ਚਰਨਜੀਤ ਸਿੰਘ ਚੰਨੀ (INC)- 26,294,ਸਤਨਾਮ ਸਿੰਘ ਰਾਹੀ (ਅਕਾਲੀ ਦਲ)-21,065, ਹੰਸ ਸਿੰਘ (ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਸਿੰਘ ਮਾਨ)- 8577, ਧਰਮ ਸਿੰਘ ਫੌਜੀ (ਪੰਜਾਬ ਲੋਕ ਕਾਂਗਰਸ)- 611 ਵੋਟਾਂ ਮਿਲੀਆਂ

ਚੰਨੀ ਦੀ  ਚੱਲ ਅਤੇ ਅਚੱਲ ਜਾਇਦਾਦ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ 07 ਕਰੋੜ 97 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਸੀਐਮ ਚੰਨੀ ਦੀ ਪਤਨੀ ਕਮਲਜੀਤ ਕੌਰ ਵੀ 4 ਕਰੋੜ 18 ਲੱਖ 45 ਹਜ਼ਾਰ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਮਾਲਕ ਹੈ। ਚੰਨੀ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਕੋਲ ਫਾਰਚੂਨਰ ਗੱਡੀ ਹੈ। ਚੰਨੀ ਕੋਲ 4 ਕਰੋੜ ਰੁਪਏ ਤੋਂ ਵੱਧ ਦੀ ਰਿਹਾਇਸ਼ੀ ਇਮਾਰਤ ਹੈ। ਜਦੋਂਕਿ ਪਤਨੀ ਕੋਲ ਵੀ ਦੋ ਕਰੋੜ 27 ਲੱਖ 85 ਹਜ਼ਾਰ ਰੁਪਏ ਦੀ ਰਿਹਾਇਸ਼ੀ ਜਗ੍ਹਾ ਹੈ। ਦੂਜੇ ਪਾਸੇ ਸੀਐਮ ਚੰਨੀ ਨੂੰ ਹਰਾਉਣ ਵਾਲੇ ‘ਆਪ’ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਕੋਲ ਸਿਰਫ਼ 75 ਹਜ਼ਾਰ ਰੁਪਏ ਨਕਦ ਅਤੇ 2014 ਮਾਡਲ ਦੀ ਪੁਰਾਣੀ ਸਾਈਕਲ ਅਤੇ ਦੋ ਕਮਰਿਆਂ ਵਾਲਾ ਮਕਾਨ ਹੈ।