ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਭਾਲ 'ਚ ਛਾਪੇਮਾਰੀ

ਲੁਧਿਆਣਾ : ਆਤਮ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਲਈ ਪੁਲਿਸ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਉਸ ਦੇ ਦਫ਼ਤਰ ਵਿਚ ਛਾਪਾ ਮਾਰਿਆ ਸੀ ਪਰ ਉਹ ਹੱਥ ਨਹੀਂ ਆ ਸਕੇ।

ਸਾਬਕਾ ਵਿਧਾਇਕ ਬੈਂਸ ਨੂੰ ਦੋ ਦਿਨ ਪਹਿਲਾਂ ਅਦਾਲਤ ਨੇ ਭਗੌਡ਼ਾ ਕਰਾਰ ਦਿੱਤਾ ਹੈ ਤੇ ਉਨ੍ਹਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ 5 ਵਿਚ ਅਪਰਾਧਕ ਮਾਮਲਾ ਦਰਜ ਕੀਤਾ ਹੋਇਆ ਹੈ। ਬੈਂਸ ਵਿਰੁੱਧ ਅਗਸਤ 2020 ਦੌਰਾਨ ਸਰਕਾਰੀ ਹੁਕਮ ਨਾ ਮੰਨਣ, ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਤੇ ਕੋਰੋਨਾ ਦੌਰ ਵਿਚ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਥਿਤ ਤੌਰ ’ਤੇ ਮਾਸਕ ਨਹੀਂ ਪਾਏ ਸਨ ਤੇ ਆਪਸੀ ਦੂਰੀ ਦਾ ਪਾਲਣ ਨਹੀਂ ਕੀਤਾ ਸੀ। ਸੁਣਵਾਈ ਦੌਰਾਨ ਬੈਂਸ ਤੇ ਉਨ੍ਹਾਂ ਦਾ ਭਰਾ ਹਾਜ਼ਰ ਨਹੀਂ ਹੋਏ ਸਨ। ਉਨ੍ਹਾਂ ਦੇ ਵਕੀਲ ਵੱਲੋਂ ਦੋਵਾਂ ਦੀ ਹਾਜ਼ਰੀ ਮਾਫ਼ ਕਰਵਾਉਣ ਲਈ ਬਿਨੈ ਕੀਤਾ ਗਿਆ ਸੀ। ਦੱਸਿਆ ਗਿਆ ਸੀ ਕਿ ਬੈਂਸ ਚੰਡੀਗਡ਼੍ਹ ਵਿਚ ਹੈ ਤੇ ਪੇਸ਼ ਨਹੀਂ ਹੋ ਸਕਣਗੇ। ਇਸ ਦੌਰਾਨ ਅਦਾਲਤ ਦੇ ਨੋਟਿਸ ਵਿਚ ਲਿਆਂਦਾ ਗਿਆ ਸੀ ਕਿ ਇਕ ਹੋਰ ਅਦਾਲਤ ਨੇ ਜਬਰ ਜਨਾਹ ਕੇਸ ਵਿਚ ਬੈਂਸ ਨੂੰ ਭਗੌਡ਼ਾ ਕਰਾਰ ਦੇਣ ਲਈ ਕਾਰਵਾਈ ਵਿੱਢੀ ਹੋਈ ਹੈ। ਇਕ ਹੋਰ ਅਦਾਲਤ ਨੇ 8 ਫਰਵਰੀ ਨੂੰ ਇਹ ਕਾਰਵਾਈ ਕੀਤੀ ਸੀ। ਥਾਣਾ ਡਵੀਜ਼ਨ ਨੰਬਰ 5 ਵਿਚ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਸੀ। ਉਹ 10 ਮਾਰਚ ਨੂੰ ਕਾਉਂਟਿੰਗ ਸਟੇਸ਼ਨ ’ਤੇ ਗਏ ਸਨ ਤੇ ਕੁਝ ਸਮੇਂ ਪਿੱਛੋਂ ਚਲੇ ਗਏ। ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਏਐੱਸਆਈ ਸੁਖਪਾਲ ਸਿੰਘ ਮੁਤਾਬਕ ਗ੍ਰਿਫਤਾਰੀ ਲਈ ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਦਫ਼ਤਰ ਵਿਚ ਛਾਪਾ ਮਾਰਿਆ ਸੀ ਪਰ ਉਹ ਹੱਥ ਨਹੀਂ ਆ ਸਕੇ।