ਸਰਕਾਰ ਬਣਾਉਣ ਲਈ AAP ਤਿਆਰ,ਰਾਜਪਾਲ ਨੂੰ ਮਿਲੇ ਭਗਵੰਤ ਮਾਨ

ਚੰਡੀਗਡ਼੍ਹ : 16ਵੀਂ ਪੰਜਾਬ ਵਿਧਾਨ ਸਭਾ ਬਣਾਉਣ ਲਈ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਨੇ ਦਾਅਵਾ ਪੇਸ਼ ਕੀਤਾ। ਇਸ ਲਈ ਉਹ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ। ਚੰਡੀਗਡ਼੍ਹ ਵਿਚ ਰਾਜਪਾਲ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਸਮਾਂ 10.30 ਵਜੇ ਦਾ ਤੈਅ ਹੋਇਆ ਸੀ। ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰੰਘ ਦੇ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵੱਜੋਂ 12.30 ਵਜੇ ਸਹੁੰ ਚੁੱਕਣਗੇ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਉਥੇ ਪਹੁੰਚਣ ਦਾ ਸੱਦਾ ਦਿੱਤਾ। ਇਸ ਲਈ ਉਥੋਂ ਦਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਸਹੁੰ ਚੁੱਕ ਸਮਾਗਮ ਕਿਸੇ ਸ਼ਹੀਦ ਦੇ ਪਿੰਡ ਵਿਚ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 117 ਸੀਟਾਂ ਵਿਚੋਂ 92 ਸੀਟਾਂ ਹਾਸਲ ਕਰਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨੇ ਬੀਤੀ ਸ਼ਾਮ ਮੋਹਾਲੀ ਵਿਖੇ ਉਨ੍ਹਾਂ ਨੂੰ ਆਪਣਾ ਨੇਤਾ ਚੁਣਿਆ ਸੀ। ਦੱਸ ਦੇਈਏ ਕਿ ਆਪ ਨੇ ਭਗਵੰਤ ਮਾਨ ਨੂੰ ਆਪਣਾ ਸੀਐਮ ਫੇਸ ਐਲਾਨਿਆ ਹੋਇਆ ਸੀ।ਦੋ ਘੰਟਿਆਂ ਦੀ ਮੁਲਾਕਾਤ ਦੌਰਾਨ ਮਾਨ ਨੇ ਰਸਮੀ ਤੌਰ ’ਤੇ ਕੇਜਰੀਵਾਲ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਸਹੁੰ ਚੁੱਕ ਸਮਾਗਮ ’ਚ ਕੇਜਰੀਵਾਲ ਦੇ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕਈ ਹੋਰ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਮਾਨ ਤੇ ਕੇਜਰੀਵਾਲ 13 ਮਾਰਚ ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਣਗੇ। ਦੋਵੇਂ ਆਗੂ ਸ਼੍ਰੀ ਦੁਰਗਿਆਨਾ ਮੰਦਰ, ਰਾਮਤੀਰਥ ਤੇ ਜਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਪਿੱਛੋਂ ਸ਼ਹਿਰ ’ਚ ਰੋਡ ਸ਼ੋਅ ਕੱਢ ਕੇ ਉਹ ਲੋਕਾਂ ਦਾ ਧੰਨਵਾਦ ਕਰਨਗੇ।