ਮੇਲਬੌਰਨ (ਏਪੀ) : ਆਸਟ੍ਰੇਲੀਆ ਦੇ ਮਰਹੂਮ ਸਪਿੰਨਰ ਸ਼ੇਨ ਵਾਰਨ ਦੀ ਦੇਹ ਵੀਰਵਾਰ ਨੂੰ ਇਕ ਨਿੱਜੀ ਜੈੱਟ ਰਾਹੀਂ ਬੈਂਕਾਕ ਤੋਂ ਉਨ੍ਹਾਂ ਦੇ ਘਰੇਲੂ ਸ਼ਹਿਰ ਮੈਲਬੌਰਨ ਲਿਆਂਦੀ ਗਈ। ਆਸਟ੍ਰੇਲੀਆ ਦੇ ਝੰਡੇ ’ਚ ਲਿਪਟੇ ਤਾਬੂਤ ਵਿਚ ਵਾਰਨ ਦੀ ਦੇਹ ਨੂੰ ਇੱਥੇ ਲਿਆਂਦਾ ਗਿਆ। ਨਿੱਜੀ ਜੈੱਟ ਸਥਾਨਕ ਸਮੇਂ ਮੁਤਾਬਕ ਰਾਤ ਲਗਭਗ ਸਾਢੇ ਅੱਠ ਵਜੇ ਇੱਥੇ ਉਤਰੀ। ਵਾਰਨ ਦਾ 30 ਮਾਰਚ ਨੂੰ ਮੈਲਬੌਰਨ ਕ੍ਰਿਕਟ ਮੈਦਾਨ (ਐੱਮਸੀਜੀ) ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸਾਬਕਾ ਸਪਿੰਨਰ ਵਾਰਨ ਦਾ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਕੋਹ ਸਮੂਈ ਦੀਪ ’ਤੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹ ਛੁੱਟੀਆਂ ਮਨਾਉਣ ਲਈ ਦੋਸਤਾਂ ਨਾਲ ਉਥੇ ਸਨ। ਐੱਮਸੀਜੀ ’ਤੇ ਵਾਰਨ ਨੇ 1994 ਵਿਚ ਐਸ਼ੇਜ਼ ਹੈਟ੍ਰਿਕ ਲਈ ਤੇ 2006 ਵਿਚ ਬਾਕਸਿੰਗ ਡੇ ’ਤੇ 700ਵਾਂ ਟੈਸਟ ਵਿਕਟ ਵੀ ਲਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿਚ 145 ਟੈਸਟ ਮੈਚਾਂ ਵਿਚ 708 ਵਿਕਟਾਂ ਲਈਆਂ।