ਰੇਲਗੱਡੀਆਂ ਦੀ ਹੋਈ ਅਚਨਚੇਤ ਚੈਕਿੰਗ, ਬਿਨ੍ਹਾਂ ਟਿਕਟ ਸਫ਼ਰ ਕਰ ਰਹੇ ਸਨ 3100 ਯਾਤਰੀ

ਚੰਡੀਗੜ੍ਹ : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਟਿਕਟਾਂ ਦੀ ਚੈਕਿੰਗ ਦੌਰਾਨ 3100 ਦੇ ਕਰੀਬ ਯਾਤਰੀ ਬਿਨ੍ਹਾ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਕਰੀਬ 20 ਲੱਖ ਰੁਪਏ ਦੀ ਆਮਦਨ ਜੁਰਮਾਨੇ ਵਜੋਂ ਵਸੂਲੀ ਗਈ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ।

 ਇਸੇ ਕੜੀ ਤਹਿਤ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਫ੍ਰੇਟ ਵਿਮਲ ਕਾਲੜਾ ਦੀ ਅਗਵਾਈ ਵਿੱਚ ਅੱਜ ਅਚਨਚੇਤ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਕੈਂਟ-ਜਲੰਧਰ, ਜਲੰਧਰ-ਲੁਧਿਆਣਾ ਅਤੇ ਲੁਧਿਆਣਾ-ਫ਼ਿਰੋਜ਼ਪੁਰ ਰੇਲ ਸੈਕਸ਼ਨਾਂ ਵਿੱਚ ਟਿਕਟਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਟੀਮ ਵਿੱਚ ਕਮਰਸ਼ੀਅਲ ਇੰਸਪੈਕਟਰ ਮਲਕੀਤ ਸਿੰਘ, ਜੇ.ਪੀ.ਮੀਨਾ, ਡੀ.ਸੀ.ਆਈ.ਟੀ. ਸੰਜੀਵ ਕੁਮਾਰ ਅਤੇ 4 ਟਿਕਟ ਚੈਕਿੰਗ ਸਟਾਫ ਮੈਂਬਰ ਸ਼ਾਮਲ ਸਨ।ਕੱਲ੍ਹ ਪੂਰੀ ਡਿਵੀਜ਼ਨ ਵਿੱਚ ਟਿਕਟਾਂ ਦੀ ਚੈਕਿੰਗ ਦੌਰਾਨ 3100 ਦੇ ਕਰੀਬ ਯਾਤਰੀ ਬਿਨ੍ਹਾ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਕੋਲੋਂ ਕਰੀਬ 20 ਲੱਖ ਰੁਪਏ ਦੀ ਆਮਦਨ ਜੁਰਮਾਨੇ ਵਜੋਂ ਵਸੂਲੀ ਗਈ। ਕਾਲੜਾ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਪਾਰਸਲ ਦਫਤਰ, ਬੁਕਿੰਗ ਦਫਤਰ ਅਤੇ ਰਿਜ਼ਰਵੇਸ਼ਨ ਦਫਤਰ ਦਾ ਵੀ ਅਚਨਚੇਤ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਸਲ ਦਫ਼ਤਰ ਵਿੱਚ ਲਗਾਏ ਜਾ ਰਹੇ ਪਾਰਸਲ ਮੈਨੇਜਮੈਂਟ ਸਿਸਟਮ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ।

ਕਾਲੜਾ ਨੇ ਦੱਸਿਆ ਕਿ ਟਿਕਟਾਂ ਦੀ ਚੈਕਿੰਗ ਸਿਰਫ਼ ਮੁੱਖ ਲਾਈਨਾਂ ਵਿੱਚ ਹੀ ਨਹੀਂ ਸਗੋਂ ਬਰਾਂਚ ਲਾਈਨਾਂ ਵਿੱਚ ਵੀ ਕੀਤੀ ਜਾ ਰਹੀ ਹੈ।  ਇਸ ਲਈ ਉਨ੍ਹਾਂ ਯਾਤਰੀਆਂ ਨੂੰ ਬੇਨਤੀ ਕੀਤੀ ਕਿ ਸਾਰੇ ਯਾਤਰੀ ਸਹੀ ਟਿਕਟਾਂ ਲੈ ਕੇ ਹੀ ਸਫ਼ਰ ਕਰਨ ਤਾਂ ਜੋ ਕਿਸੇ ਵੀ ਯਾਤਰੀ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੇ ਯਾਤਰੀਆਂ ਦਾ ਸਫ਼ਰ ਸੁਹਾਵਣਾ ਹੋ ਸਕੇ। ਉਨ੍ਹਾਂ ਸਮੂਹ ਟਿਕਟ ਚੈਕਿੰਗ ਸਟਾਫ਼ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਯਾਤਰੀ ਦੀ ਕਿਸੇ ਵੀ ਦਿੱਕਤ ਨੂੰ ਬਿਨ੍ਹਾਂ ਦੇਰੀ ਦੂਰ ਕਰਨ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਰ ਦੌਰਾਨ ਸਫ਼ਾਈ ਦਾ ਵੀ ਧਿਆਨ ਰੱਖਣ ਅਤੇ ਸਟੇਸ਼ਨ 'ਤੇ ਮੌਜੂਦ ਡਸਟਬਿਨਾਂ ਦੀ ਵਰਤੋਂ ਕਰਨ।